ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਅਪਰੈਲ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਇੱਥੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਦੌਰੇ ਦੌਰਾਨ ਅਧਿਕਾਰੀਆਂ, ਇਲਾਕੇ ਦੇ ਲੋਕਾਂ ਅਤੇ ਅਰਜ਼ੀ-ਨਵੀਸਾਂ ਨਾਲ ਗੱਲਬਾਤ ਕੀਤੀ। ਵਿਧਾਇਕ ਭਰਾਜ ਨੇ ਤਹਿਸੀਲ ਅਧਿਕਾਰੀਆਂ ਨਾਲ ਰਜਿਸਟਰੀਆਂ ਬੰਦ ਹੋਣ ਅਤੇ ਹੋਰ ਕਈ ਨੁਕਤਿਆਂ ਸਬੰਧੀ ਗੱਲਬਾਤ ਕੀਤੀ। ਤਹਿਸੀਲ ਵਿੱਚ ਸਟਾਫ ਦੀ ਘਾਟ ਬਾਰੇ ਜਾਣਕਾਰੀ ਹਾਸਲ ਕੀਤੀ। ਕਈ ਵਿਅਕਤੀਆਂ ਨੇ ਦੋ ਥਾਵਾਂ ’ਤੇ ਡੈਪੂਟੇਸ਼ਨ ਦੀ ਥਾਂ ਇੱਥੇ ਹੀ ਪੱਕੇ ਤੌਰ ’ਤੇ ਤਹਿਸੀਲਦਾਰ ਰੱਖਣ ਦੀ ਮੰਗ ਰੱਖੀ। ਅਰਜ਼ੀ-ਨਵੀਸ ਅਤੇ ਲੋਕਾਂ ਵੱਲੋਂ ਤਹਿਸੀਲ ਕੰਪਲੈਕਸ ਨੂੰ ਬਾਲਦ ਕੈਂਚੀਆਂ ਵਿੱਚ ਤਬਦੀਲ ਕਰਨ ਦੀ ਥਾਂ ਇੱਥੇ ਹੀ ਰੱਖਣ ਦੀ ਮੰਗ ਕੀਤੀ ਗਈ। ਬੀਬੀ ਭਰਾਜ ਵੱਲੋਂ ਖੋਖਿਆਂ ਵਿੱਚ ਬੈਠੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਰਿਸ਼ਵਤਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੀਬੀ ਭਰਾਜ ਨੇ ਕੁਝ ਮਸਲਿਆਂ ਦਾ ਮੌਕੇ ’ਤੇ ਹੀ ਨਬਿੇੜਾ ਕੀਤਾ ਅਤੇ ਕੁਝ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਰਿਟੇਲ ਕਰਿਆਨਾ ਐਸੋਸੀਏਸ਼ਨ ਨੇ ਭਰਾਜ ਨੂੰ ਮੰਗ ਪੱਤਰ ਸੌਂਪਿਆ
ਭਵਾਨੀਗੜ੍ਹ (ਪੱਤਰ ਪ੍ਰੇਰਕ): ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜ਼ਿਲ੍ਹਾ ਰਿਟੇਲ ਕਰਿਆਨਾ ਅਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਇੰਸਪੈਕਟਰੀ ਰਾਜ ਦੇ ਖਾਤਮੇ ਦੇ ਨਾਲ ਨਾਲ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨਾਲ ਕੀਤੇ ਹਰ ਵਾਅਦੇ ਨੂੰ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਫ਼ਤਰਾਂ ’ਚ ਕਾਗਜ਼ੀ ਕਾਰਵਾਈ ਨੂੰ ਘੱਟ ਕਰਨ ਲਈ ਸਰਲ ਕਾਨੂੰਨ ਅਤੇ ਪਾਲਸੀਆਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਪ੍ਰਮੋਦ ਗੁਪਤਾ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੰਦਿਆਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਇਨਾਂ ਮੰਗਾਂ ਨੂੰ ਤੁਰੰਤ ਲਾਗੂ ਕਰੇ।