ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 2 ਅਗਸਤ
ਕਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਸਾਰੇ ਹੀ ਸਕੂਲ ਕਾਲਜ ਤੇ ਹੋਰ ਵਿੱਦਿਅਕ ਅਦਾਰੇ ਕਈ ਮਹਿੀਨਿਆਂ ਤੋਂ ਬੰਦ ਸਨ, ਪਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਕੂਲ ਖੋਲ੍ਹਣ ਦੇ ਐਲਾਨ ਮਗਰੋਂ 2 ਅਗਸਤ ਨੂੰ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕਡਰੀ ਤੱਕ ਦੀਆਂ ਸਾਰੀਆਂ ਜਮਾਤਾਂ ਦੀ ਪੜ੍ਹਾਈ ਲਈ ਸਕੂਲ ਖੁੱਲ੍ਹੇ ਸਨ, ਪਰ ਲੰਮੇ ਸਮੋਂ ਤੋਂ ਸਕੂਲ ਖੁੱਲ੍ਹਣ ਦਾ ਜਿਥੇ ਬੱਚਿਆਂ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਦਿੜ੍ਹਬਾ ਇਲਾਕੇ ਦੇ ਹੋਰਨਾਂ ਬਹੁਤ ਸਾਰੇ ਸਕੂਲਾਂ ਵਿੱਚ ਸਾਫ-ਸਫ਼ਾਈ ਦਾ ਮਾੜਾ ਹਾਲ ਦੇਖਣ ਨੂੰ ਮਿਲਿਆ। ਕਈ ਸਕੂਲਾਂ ਵਿੱਚ ਘਾਹ-ਫੂਸ ਉੱਗਿਆ ਹੋਇਆ ਹੈ, ਜਦਕਿ ਸਕੂਲ ਸਟਾਫ ਪਿਛਲੇ ਮਹੀਨੇ ਤੋਂ ਸਕੂਲ ਆ ਰਹੇ ਹਨ। ਦਿੜ੍ਹਬਾ ਇਲਾਕੇ ਦੇ ਕਈ ਅਜਿਹੇ ਪ੍ਰਾਇਮਰੀ ਤੇ ਸਰਕਾਰੀ ਸਕੂਲ ਹਨ, ਜਿੱਥੇ ਪਖਾਨਿਆਂ ਦੀ ਸਫ਼ਾਈ ਨਹੀਂ ਕਰਵਾਈ ਗਈ ਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ। ਸੋਸ਼ਲ ਡਿਸਟੈਂਸ, ਸਾਈਨੇਟਾਈਜ਼ਰ ਵੀ ਕੁੱਝ ਕੁ ਸਕੂਲਾਂ ਨੂੰ ਛੱਡ ਕੇ ਬਾਕੀ ਸਕੂਲਾਂ ਵਿੱਚ ਦੇਖਣ ਨੂੰ ਨਹੀਂ ਮਿਲੇ। ਕੁੱਝ ਅਧਿਆਪਕਾਂ ਨੇ ਗੱਲਬਾਤ ਕਰਨ ’ਤੇ ਦੱਸਿਆ ਕਿ ਸਕੂਲ ਖੁੱਲ੍ਹਣ ਦਾ ਐਲਾਨ ਅਚਾਨਕ ਹੋ ਗਿਆ ਤੇ ਵਿਚਕਾਰ ਐਤਵਾਰ ਦੀ ਵੀ ਛੁੱਟੀ ਆ ਗਈ। ਜਿਸ ਕਰਕੇ ਸਫ਼ਾਈ ਕਰਾਉਣ ਦਾ ਮੌਕਾ ਨਹੀਂ ਮਿਲਿਆ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਲੰਮੇ ਅਰਸੇ ਮਗਰੋਂ ਅੱਜ ਖੁੱਲ੍ਹੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਮਦ ਨਾਲ ਰੌਣਕ ਲੱਗ ਗਈ। ਭਾਵੇਂ 26 ਜੁਲਾਈ ਤੋਂ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਆਫ਼ਲਾਈਨ ਪੜ੍ਹਾਈ ਸ਼ੁਰੂ ਹੋ ਗਈ ਸੀ, ਪਰ ਅੱਜ ਸਾਰੀਆਂ ਜਮਾਤਾਂ ਦੇ ਸਕੂਲ ਖੁੱਲ੍ਹਣ ਮਗਰੋਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਚਹਿਲ-ਪਹਿਲ ਵੇਖਣ ਵਾਲੀ ਸੀ। ਕੋਵਿਡ ਮਹਾਮਾਰੀ ਕਾਰਨ ਇਸ ਸਾਲ ਮਾਰਚ ਮਹੀਨੇ ਤੋਂ ਸਕੂਲ ਬੰਦ ਸਨ। ਭਾਵੇਂ ਕਿ ਸਕੂਲਾਂ ਵਿਚ ਅਧਿਆਪਕ ਡਿਊਟੀ ’ਤੇ ਆਉਂਦੇ ਸਨ, ਪਰ ਸਕੂਲਾਂ ਵਿਚ ਵਿਦਿਆਰਥੀਆਂ ਤੋਂ ਬਗੈਰ ਸੁੰਨਸਾਨ ਪਸਰੀ ਹੋਈ ਸੀ। ਅਧਿਆਪਕ ਸਕੂਲੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਂਦੇ ਸਨ ਜਿਸ ਦੌਰਾਨ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਅੱਜ ਪਹਿਲੀ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਸਕੂਲਾਂ ਵਿਚ ਪੁੱਜੇ ਜਿੰਨ੍ਹਾਂ ਦੀ ਆਫ਼ਲਾਈਨ ਪੜ੍ਹਾਈ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਧਰਮਪਾਲ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਸਟਾਫ਼ ਦੇ ਵੈਕਸੀਨ ਪਹਿਲਾਂ ਹੀ ਲਗਵਾਈ ਜਾ ਚੁੱਕੀ ਹੈ ਤੇ ਮਾਸਕ ਪਹਿਨਣ ਦੀਆਂ ਹਦਾਇਤਾਂ ਦਿੱਤੀਆਂ ਹਨ। ਕਲਾਸ ਰੂਮ ਨੂੰ ਸੈਨੇਟਾਈਜ਼ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।
ਡੀਈਓ ਵੱਲੋਂ ਬੱਚਿਆਂ ਦਾ ਫੁੱਲਾਂ ਨਾਲ ਸਵਾਗਤ
ਪਟਿਆਲਾ (ਰਵੇਲ ਸਿੰਘ ਭਿੰਡਰ): ਸੂਬਾ ਸਰਕਾਰ ਵੱਲੋਂ ਕਰੋਨਾ ਸਥਿਤੀ ’ਚ ਸੁਧਾਰ ਦੇ ਮੱਦੇਨਜ਼ਰ ਵਿਦਿਆਰਥੀਆਂ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਅੱਜ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲਾਂ ਖੁੱਲ੍ਹ ਗਏ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਇੰਜਨੀਅਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਸਕੂਲਾਂ ’ਚ ਆਮਦ ਦੇ ਮੱਦੇਨਜ਼ਰ ਸਾਫ-ਸਫਾਈ ਅਤੇ ਕਰੋਨਾ ਹਦਾਇਤਾਂ ਦੇ ਪਾਲਣ ਦੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਿਹਤ ਸੰਭਾਲ ਵੀ ਸਕੂਲਾਂ ਦੀ ਪਹਿਲੀ ਤਰਜ਼ੀਹ ਰਹੇਗੀ।
ਸਕੂਲ ਖੁੱਲ੍ਹਣ ਨਾਲ ਅਧਿਆਪਕਾਂ ਦੇ ਚਿਹਰੇ ਖਿੜੇ
ਧੂਰੀ (ਪਵਨ ਕੁਮਾਰ ਵਰਮਾ): ਪੰਜਾਬ ਸਰਕਾਰ ਵੱਲੋਂ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੇ ਐਲਾਨ ਤੋਂ ਬਾਅਦ ਸਕੂਲਾਂ ’ਚ ਫਿਰ ਤੋਂ ਰੌਣਕਾਂ ਪਰਤ ਆਈਆਂ ਹਨ। ਪਹਿਲਾ ਦਿਨ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀ ਹਾਜ਼ਰੀ ਚੰਗੀ ਰਹੀ, ਪਰ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕਈ ਦਿਕੱਤਾਂ ਆਈਆਂ। ਇਸ ਦੇ ਬਾਵਜੂਦ ਅਧਿਆਪਕਾਂ ਦੇ ਚਿਹਰੇ ਖਿੜੇ ਹੋਏ ਹਨ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਇਸ ਫੈ਼ਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰ ਬੈਠੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ। ਬੇਸ਼ਕ ਅਧਿਆਪਕ ਆਨਲਾਈਨ ਸਿੱਖਿਆ ਦੇਣ ਦੇ ਉਪਰਾਲੇ ਕਰ ਰਹੇ ਸੀ, ਪਰ ਅਸਲ ਮਾਇਨੇ ਵਿੱਚ ਪੜ੍ਹਾਈ ਜਮਾਤਾਂ ਵਿੱਚ ਬੈਠ ਕੇ ਹੀ ਹੋ ਸਕਦੀ ਹੈ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਅਤੇ ਅਧਿਆਪਕ ਵੀ ਖੁਸ਼ ਹਨ। ਉਨ੍ਹਾਂ ਦੇ ਆਰਥਿਕ ਸਿਸਟਮ ਨੂੰ ਵੀ ਬੰਦ ਸਕੂਲਾਂ ਕਾਰਨ ਖੋਰਾ ਲੱਗ ਰਿਹਾ ਸੀ।