ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਜਨਵਰੀ
ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਦਾ ਮਾਲੇਰਕੋਟਲਾ ’ਚ ਲਗਾਤਾਰ ਮੋਰਚਾ 44ਵੇਂ ਦਿਨ ਵੀ ਸੂਬਾ ਆਗੂ ਪ੍ਰਤਾਪ ਸਿੰਘ ਸੰਧੂ ਅਤੇ ਪਵਿੱਤਰ ਸਿੰਘ ਮੋਗਾ ਦੀ ਅਗਵਾਈ ਵਿੱਚ ਜਾਰੀ ਰਿਹਾ। ਇਸ ਦੌਰਾਨ ਜ਼ਿਲ੍ਹਾ ਸੰਗਰੂਰ ਅਤੇ ਮੋਗਾ ਦੇ ਵਰਕਰਾਂ ਨੇ ਮੋਰਚੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਐਨਲਿਸਟਮੈਂਟ ਪਾਲਿਸੀ ਦਾ ਸੰਤਾਪ ਭੋਗ ਰਹੇ ਵਰਕਰਾਂ ਦਾ ਜਲ ਸਪਲਾਈ ਵਿਭਾਗ ਦੇ ਉੱਚ ਪ੍ਰਬੰਧਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪ੍ਰਤਾਪ ਸਿੰਘ ਸੰਧੂ ਤੇ ਕਰਮਜੀਤ ਸਿੰਘ ਨੇ ਕਿਹਾ ਕਿ ਵਰਕਰਾਂ ਦੇ ਰੁਜ਼ਗਾਰ ਨੂੰ ਵਿਭਾਗ ਵਿਚ ਲਿਆਉਣ ਦੀ ਥਾਂ ’ਤੇ ਆਊਟਸੋਰਸਿੰਗ ਨੀਤੀ ਲਿਆ ਕੇ ਵਰਕਰਾਂ ਦੇ ਭਵਿੱਖ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਜਦੋ ਕਿ ਵੱਖ-ਵੱਖ ਵਿਭਾਗਾਂ ਵਿੱਚ ਵੀ ਆਊਟਸੋਰਸਿੰਗ ਨੀਤੀ ਰਾਹੀਂ ਛਾਂਟੀ ਕੀਤੇ ਵਰਕਰ ਸੰਤਾਪ ਭੋਗ ਰਹੇ ਹਨ ਅਤੇ ਰੁਜ਼ਗਾਰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
ਵਰਕਰ ਕਾਲੇ ਝੰਡੇ ਅਤੇ ਮਾਟੋ ਲੈ ਕੇ ਲੈ ਕੇ ਕਾਫ਼ਲੇ ਦੇ ਰੂਪ ਵਿੱਚ ਮੰਤਰੀ ਦੀ ਕੋਠੀ ਸਾਹਮਣੇ ਗਏ ਤੇ ਤਿੰਨ ਵਰਕਰ ਪਵਿੱਤਰ ਸਿੰਘ ਮੋਗਾ, ਚੰਨਣ ਸਿੰਘ ਅਤੇ ਅਮਰੀਕ ਸਿੰਘ ਮੋਗਾ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਵਿਭਾਗ ਦੇ ਉਪ ਨਿਰਦੇਸ਼ਕ ਪਟਿਆਲਾ ਅਤੇ ਹੋਰ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਰਕਰਾਂ ਖ਼ਿਲਾਫ਼ ਕੱਢੇ ਗਏ ਪੱਤਰ ਫ਼ੂਕੇ ਗਏ। ਇਸ ਮੌਕੇ ਰਣਬੀਰ ਸਿੰਘ, ਬਲਵੰਤ ਸਿੰਘ ਸੰਗਰੂਰ, ਅਮਰਿੰਦਰ ਸਿੰਘ ਸੁਰਜੀਤ, ਮੰਗਤ ਅਤੇ ਕਰਮਜੀਤ ਆਦਿ ਵੀ ਹਾਜ਼ਰ ਸਨ।