ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 16 ਮਈ
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੀਤੇ ਗਏ ਵਾਅਦੇ ਮੁਤਾਬਕ ਸੰਗਰੂਰ, ਦਿੜ੍ਹਬਾ ਤੋਂ ਰਾਜਸਥਾਨ ਦੇ ਸ਼ਹਿਰ ਸਾਲਾਸਰ ਲਈ ਸਰਕਾਰੀ ਬੱਸ ਦਾ ਨਵਾਂ ਰੂਟ ਚਾਲੂ ਕਰ ਦਿੱਤਾ ਹੈ। ਉਨ੍ਹਾਂ ਨੇ ਦਿੜ੍ਹਬਾ ਵਿਖੇ ਸੰਗਰੂਰ ਤੋਂ ਸਾਲਾਸਰ (ਰਾਜਸਥਾਨ) ਲਈ ਪੀਆਰਟੀਸੀ ਦੇ ਨਵੇਂ ਰੂਟ ਦੀ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਨੇ ਦੱਸਿਆ ਕਿ ਸਰਕਾਰ ਨੇ ਦਿੜ੍ਹਬਾ ਇਲਾਕੇ ਦੇ ਲੋਕਾਂ ਦੀ ਸਾਲਾਸਰ ਲਈ ਸਿੱਧੀ ਬੱਸ ਦਾ ਨਵਾਂ ਰੂਟ ਚਲਾਉਣ ਦੀ ਮੰਗ ਪੂਰੀ ਕਰ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਧਾਰਮਿਕ ਸਥਾਨਾਂ ਤੇ ਸਰਕਾਰ ਵੱਲੋਂ ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਬੱਸ 12 ਵਜੇ ਸੰਗਰੂਰ ਤੋਂ ਰਵਾਨਾ ਹੋ ਕੇ ਵਾਇਆ ਦਿੜ੍ਹਬਾ, ਪਾਤੜਾਂ, ਟੋਹਾਣਾ, ਹਿਸਾਰ, ਲਕਸ਼ਮਣਗੜ੍ਹ ਹੁੰਦੀ ਹੋਈ ਰਾਤ 10 ਵਜੇ ਸਾਲਾਸਰ ਪੁੱਜੇਗੀ। ਇਸ ਮੌਕੇ ਦਰਸ਼ਨ ਸਿੰਘ ਘੁਮਾਣ, ਟਰੱਕ ਯੂਨੀਅਨ ਦੇ ਪ੍ਰਧਾਨ ਅਜੇ ਸਿੰਗਲਾ, ਸੀਨੀਅਰ ਆਗੂ ਨਰੇਸ਼ ਕੁਮਾਰ, ਸੁਨੀਲ ਬਾਂਸਲ, ਨਿਰਭੈ ਸਿੰਘ ਨਿੱਕਾ, ਓਮ ਪ੍ਰਕਾਸ਼ ਜਿੰਦਲ, ਸ਼ਹਿਰੀ ਪ੍ਰਧਾਨ ਇੰਦਰਜੀਤ ਸ਼ਰਮਾਂ, ਵਿਜੇ ਕੁਮਾਰ ਬਿੱਟੂ ਆਦਿ ਪਾਰਟੀ ਆਗੂ ਹਾਜ਼ਰ ਸਨ।