ਨਿਜੀ ਪੱਤਰ ਪ੍ਰੇਰਕ
ਸੰਗਰੂਰ, 14 ਸਤੰਬਰ
ਕਰੋਨਾ ਮਹਾਂਮਾਰੀ ਦੌਰਾਨ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਠੱਪ ਪਏ ਕਾਰੋਬਾਰ ਕਾਰਨ ਪ੍ਰੇਸ਼ਾਨ ਹੋਏ ਜ਼ਿਲ੍ਹਾ ਭਰ ਦੇ ਮੈਰਿਜ ਪੈਲੇਸ ਮਾਲਕਾਂ, ਸਾਊਂਡ, ਡੀ.ਜੇ, ਕੇਟਰਿੰਗ, ਹਲਵਾਈ, ਫੋਟੋਗ੍ਰਾਫ਼ਰ, ਟੈਂਟ ਹਾਊਸ ਅਤੇ ਡੈਕੋਰੇਸ਼ਨ ਦੇ ਕੰਮ ਨਾਲ ਜੁੜੇ ਸੈਂਕੜੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨ੍ਹਾਂ ਦੇ ਕਾਰੋਬਾਰ ਤੁਰੰਤ ਖੋਲ੍ਹੇ ਜਾਣ। ਰੈਲੀ ਦੌਰਾਨ ‘ਸਾਡੀ ਵੀ ਸੁਣੋ ਸਰਕਾਰ, ਸਾਨੂੰ ਨਾ ਕਰੋ ਬੇਰੁਜ਼ਗਾਰ’ ਦੇ ਬੈਨਰ ਚੁੱਕੇ ਹੋਏ ਸਨ। ਇਸ ਮੌਕੇ ਮਨਪ੍ਰੀਤ ਬਾਂਸਲ, ਅਮਰਜੀਤ ਸਿੰਘ ਜੀਤ , ਡਿਕੀ ਜੇਜੀ, ਸਤਨਾਮ ਸਿੰਘ ਸੱਤਾ, ਅਮਰੀਕ ਸਿੰਘ, ਰਿਸ਼ੀ ਗਰਗ, ਰਤਨ ਲਾਲ, ਰਾਜੇਸ਼ ਗਰਗ, ਹੀਰਾ ਸਿੰਘ, ਚਨ ਸਿੰਘ, ਇਕਬਾਲ ਸਿੰਘ, ਦੀਪਕ ਆਦਿ ਨੇ ਸੰਬੋਧਨ ਕੀਤਾ। ਮੈਰਿਜ ਪੈਲੇਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਕਿਹਾ ਕਿ ਸਾਡੇ ਮੈਰਿਜ ਪੈਲੇਸ ਬੰਦ ਹੋਣ ਨਾਲ ਜਿੱਥੇ ਸਾਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਹੈ ਉਥੇ ਉਸ ਕਾਰੋਬਾਰ ਨਾਲ ਜੁੜੇ ਹੋਏ ਸਭ ਲੋਕ ਬੇਰੁਜਗਾਰ ਹੋ ਗਏ ਹਨ। ਮੈਰਿਜ ਪੈਲੇਸਾਂ ਉਪਰ ਜਿਹੜੇ ਕਰਜ਼ੇ ਆਦਿ ਲਏ ਹੋਏ ਹਨ, ਉਸ ਕਰਜ਼ੇ ਦੀਆਂ ਕਿਸ਼ਤਾਂ ਵੀ ਵਾਪਸ ਨਹੀਂ ਕੀਤੀਆਂ ਜਾ ਰਹੀਆਂ ਅਤੇ ਬਿਜਲੀ ਦੇ ਲੱਖਾਂ ਰੁਪਏ ਦੇ ਬਿਲ ਬਕਾਇਆ ਪਏ ਹਨ। ਪੈਲੇਸਾਂ ਵਿਚ ਸਫਾਈ ਅਤੇ ਮਾਲੀ ਦਾ ਕੰਮ ਕਰਨ ਵਾਲੇ ਮੁਲਾਜ਼ਮਾ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ ਅਤੇ ਡੀਜੇ, ਕੈਟਰਿੰਗ, ਹਲਵਾਈ, ਵੇਟਰ ਆਦਿ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਇੰਡਸਟਰੀ ਨੂੰ ਛੋਟ ਦਿੱਤੀ ਹੈ ਤੇ 50 ਫੀਸਦੀ ਸਮਰੱਥਾ ਨਾਲ ਟਰਾਂਸਪੋਰਟ ਚਲਾਈ ਹੈ ਉਸੇ ਤਰ੍ਹਾਂ ਉਨ੍ਹਾਂ ਦੇ ਕਾਰੋਬਾਰ ਖੋਲ੍ਹੇ ਜਾਣ।