ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਸਤੰਬਰ
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਇੱਥੋਂ ਨੇੜਲੇ ਪਿੰਡ ਨਾਗਰਾ ਦੇ ਇੱਕ ਨੌਜਵਾਨ ਨੇ ਆਪਣੀ ਮੌਤ ਲਈ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਦੱਸਦਿਆਂ ਆਪਣੇ ਮੋਬਾਈਲ ਫੋਨ ’ਤੇ ਸਟੇਟਸ ਪਾ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਗੁਰਜੰਟ ਸਿੰਘ ਵਾਸੀ ਨਾਗਰਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਲੜਕਾ ਕੁਲਦੀਪ ਦਾਸ (26) ਪਹਿਲਾਂ ਵਰਮਾ ਹਾਂਡਾ ਵਾਸੀ ਮੋਰਾਂਵਾਲੀ (ਸੁਨਾਮ) ਦੀ ਦੁਕਾਨ ’ਤੇ ਅਲਮੀਨੀਅਮ ਦੀਆਂ ਚੁਗਾਠਾਂ ਦਾ ਕੰਮ ਕਰਦਾ ਸੀ, ਪਰ ਬਾਅਦ ਵਿੱਚ ਕੁਲਦੀਪ ਦਾਸ ਨੇ ਘਰਾਚੋਂ ਵਿਖੇ ਆਪਣੀ ਦੁਕਾਨ ਕਰ ਲਈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਕੁਲਦੀਪ ਦਾਸ ਨੇ ਵਰਮਾ ਹਾਂਡਾ ਨੂੰ ਭਵਾਨੀਗੜ੍ਹ ਤੋਂ ਆਪਣੀ ਜ਼ਿੰਮੇਵਾਰੀ ’ਤੇ ਚੁਗਾਠਾਂ ਦਾ ਸਾਮਾਨ ਚੁਕਵਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਵਰਮਾ ਨੇ ਸਾਮਾਨ ਲੈਣ ਤੋਂ ਬਾਅਦ ਉਸ ਦੇ ਮੁੰਡੇ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਲੈ ਕੇ ਕੁਲਦੀਪ ਦਾਸ ਪ੍ਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਲੰਘੀ 7 ਸਤੰਬਰ ਨੂੰ ਉਸ ਦਾ ਲੜਕਾ ਕੁਲਦੀਪ ਦਾਸ ਘਰੋਂ ਦੁਕਾਨ ’ਤੇ ਜਾਣ ਲਈ ਕਹਿ ਕੇ ਗਿਆ ਸੀ, ਪਰ ਉਸੇ ਦਿਨ ਦੁਪਹਿਰ ਸਾਢੇ 12 ਵਜੇ ਉਸ ਨੇ ਆਪਣੇ ਮੋਬਾਈਲ (ਵੱਟਸਐਪ) ‘ਤੇ ਸਟੇਟਸ ਪਾ ਦਿੱਤਾ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਵਰਮਾ ਹਾਂਡਾ ਹੋਵੇਗਾ ਜੋ ਉਸ ਦੇ ਪੈਸੇ ਨਹੀਂ ਦੇ ਰਿਹਾ। ਇਸ ਉਪਰੰਤ ਉਸ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਇਸ ਸਬੰਧੀ ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਮਗਰੋਂ ਅੱਜ ਕੁਲਦੀਪ ਦਾਸ ਦੀ ਲਾਸ਼ ਨੂੰ ਨਹਿਰ ਤੋਂ ਬਰਾਮਦ ਕਰਦਿਆਂ ਵਰਮਾ ਹਾਂਡਾ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕੀਤਾ ਹੈ।