ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਮਾਰਚ
ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਸਿੱਖਿਆ ਨੀਤੀ-2020 ’ਤੇ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਬਕਾ ਸੂਬਾ ਪ੍ਰਧਾਨ ਯਸ਼ਪਾਲ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਯਸ਼ਪਾਲ ਨੇ ਕਿਹਾ ਕਿ ਇਸ ਸਿੱਖਿਆ ਨੀਤੀ ਦਾ ਮੁੱਖ ਏਜੰਡਾ ਨਿੱਜੀਕਰਨ, ਉਦਾਰੀਕਰਨ ਤੇ ਕੇਂਦਰੀਕਰਨ ਹੈ ਜਿਸ ਦੀ ਜ਼ਰੂਰਤ ਅੱਜ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਹੈ ਤਾਂ ਕਿ ਸਿੱਖਿਆ ਨੂੰ ਮੰਡੀ ਵਿੱਚ ਵਿਕਣ ਵਾਲ਼ੀ ਜਿਣਸ ਬਣਾ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕੇ। ਇਸ ਸਿੱਖਿਆ ਨੀਤੀ ਨੂੰ ਮੋਦੀ ਸਰਕਾਰ ਧੜੱਲੇ ਨਾਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਫਿਰਕੂ ਪਾਲ਼ਾਬੰਦੀ ਕਰਕੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ। ਇਹ ਕੰਮ ਸਿੱਖਿਆ ਰਾਹੀਂ ਪਾਠਕ੍ਰਮ ਬਦਲ ਕੇ ਅਤੇ ਸਿੱਖਿਆ ਦਾ ਕੇਂਦਰੀਕਰਨ ਕਰਕੇ ਬਾਖੂਬੀ ਹੋ ਸਕਦਾ ਹੈ। ਇਸ ਕੰਮ ਲਈ ਜ਼ਰੂਰੀ ਹੈ ਸਿੱਖਿਆ ਨੂੰ ਵੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਕਾਰਪੋਰੇਟ ਹੱਥਾਂ ਚ ਵੇਚਿਆ ਜਾਵੇ। ਉਨ੍ਹਾਂ ਦੱਸਿਆ ਕਿ ਸਿੱਖਿਆ ਨੀਤੀ 2020 ਦੇ ਪੂਰਨ ਤੌਰ ’ਤੇ ਲਾਗੂ ਹੋਣ ਨਾਲ਼ ਮਿਆਰੀ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਹੋਰ ਦੂਰ ਹੋ ਜਾਵੇਗੀ।
ਕਨਵੈਨਸ਼ਨ ’ਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਨਾਮਦੇਵ ਭੂਟਾਲ, ਮਨਧੀਰ ਸਿੰਘ, ਡੀਟੀਐਫ਼ ਆਗੂ ਬਲਵੀਰ ਚੰਦ ਲੌਂਗੋਵਾਲ, ਗੁਰਵਿੰਦਰ ਸਿੰਘ, ਪੀਐੱਸਯੂ ਆਗੂ ਸੁਖਦੀਪ ਹਥਨ, ਪੀਆਰਐਸਯੂ ਦੇ ਮਨਜੀਤ ਸਿੰਘ ਨੇ ਆਪਣੇ ਵਿਚਾਰ ਰੱਖੇ। ਸਟੇਜ ਸਕੱਤਰ ਦੀ ਭੂਮਿਕਾ ਪੀਐੱਸਯੂ ਲਲਕਾਰ ਦੇ ਆਗੂ ਭਿੰਦਰ ਵੱਲੋਂ ਨਿਭਾਈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਬਿਮਲ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਪੈਪਸੀਕੋ ਵਰਕਰਜ਼ ਯੂਨੀਅਨ ਚੰਨੋਂ ਤੋਂ ਕ੍ਰਿਸ਼ਨ ਭੜੋ, ਭਾਕਿਯੂ ਉਗਰਾਹਾਂ ਦੇ ਗੁਰਚਰਨ ਲਹਿਰਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਡੀਟੀਐਫ਼ ਦੇ ਸੁਖਵਿੰਦਰ ਗਿਰ, ਚਰਨਜੀਤ ਪਟਵਾਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਸਟਰ ਰਾਮ ਬੇਨੜਾ, ਜਗਦੇਵ ਵਰਮਾ, ਸੰਦੀਪ ਕੌਰ, ਕੰਵਲ ਕੌਰ ਖਨੌਰੀ ਸ਼ਾਮਲ ਹੋਏ। ਸੁਖਦੀਪ ਹਥਨ ਨੇ ਸਾਰਿਆਂ ਦਾ ਧੰਨਵਾਦ ਕੀਤਾ।