ਬੀਰਬਲ ਰਿਸ਼ੀ/ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ
ਸ਼ੇਰਪੁਰ/ਧੂਰੀ, 31 ਅਕਤੂਬਰ
ਨਹਿਰੀ ਵਿਭਾਗ ਦੀ ਤੀਜੀ ਟੀਮ ਨੇ ਅੱਜ ਪਹਿਲੇ ਦਿਨ ਸੱਥਾਂ ਵਿੱਚ ਜਾ ਕੇ 7 ਪਿੰਡਾਂ ਦਾ ਸਰਵੇਖਣ ਕਰ ਕੇ ਉਨ੍ਹਾਂ ਦੇ ਪਿੰਡਾਂ ਨੂੰ ਪਾਣੀ ਕਿਸ ਤਰ੍ਹਾਂ ਸੌਖਾ ਪ੍ਰਾਪਤ ਹੋ ਸਕਦਾ ਹੈ, ਬਾਰੇ ਸੁਝਾਅ ਮੰਗੇ। ਦੂਜੇ ਪਾਸੇ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਨਹਿਰੀ ਵਿਭਾਗ ਦੇ ਸੈਕਟਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਯਾਦ ਰਹੇ ਕਿ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਵੱਲੋਂ ਵਿਭਾਗ ਨੂੰ 15 ਦਿਨਾਂ ਅੰਦਰ ਸਰਵੇਖਣ ਕਰ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ ਜਿਸ ਤਹਿਤ ਨਿਰਧਾਰਤ ਸਮੇਂ ਅੰਦਰ ਦੋ ਟੀਮਾਂ ਨੇ ਆਪਣਾ ਸਰਵੇਖਣ ਮੁਕੰਮਲ ਕਰ ਲਿਆ ਹੈ, ਪਰ ਪਛੜ ਕੇ ਚੱਲ ਰਹੀ ਤੀਜੀ ਟੀਮ ਨੇ ਆਪਣਾ ਸਰਵੇਖਣ ਅੱਜ ਸ਼ੁਰੂ ਕੀਤਾ ਹੈ। ਸਰਵੇਖਣ ਟੀਮ ਦੇ ਮੁਖੀ ਜ਼ਿਲ੍ਹੇਦਾਰ ਹਾਕਮ ਸਿੰਘ ਤੇ ਉਨ੍ਹਾਂ ਦੀ ਟੀਮ ਵਿੱਚ ਸ਼ੁਮਾਰ ਪਟਵਾਰੀ ਜ਼ੋਨੀ ਕੁਮਾਰ, ਗੁਰਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਅੱਜ ਪਿੰਡ ਵਜ਼ੀਦਪੁਰ ਬਧੇਸ਼ੇ, ਫਤਿਹਗੜ੍ਹ ਪੰਜਗਰਾਈਆਂ, ਫਰਵਾਹੀ, ਭੂਦਨ, ਰੂੜਗੜ੍ਹ, ਅਲੀਪੁਰ, ਮਾਹਮਦਪੁਰ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਸੁਝਾਅ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ। ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਓਐੱਸਡੀ ਨਾਲ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ। ਅਖੀਰ ਨਹਿਰੀ ਪਾਣੀ ਦੇ ਮਾਮਲੇ ਨੂੰ ਸਿਰੇ ਲਗਾਉਣ ਲਈ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਮੁੱਖ ਮੰਤਰੀ ਤੇ ਵਿਭਾਗ ਦੇ ਸੈਕਟਰੀ ਨਾਲ ਮੀਟਿੰਗ ਕਰਵਾਉਣ ਲਈ ਹਿੱਕ ਥਾਪੜੀ। ਵਫ਼ਦ ਵਿੱਚ ਜ਼ੋਨ ਕਮੇਟੀਆਂ ਦੇ ਆਗੂ ਮੇਹਰ ਸਿੰਘ ਈਸਾਪੁਰ, ਮਾਸਟਰ ਮੱਘਰ ਸਿੰਘ ਭੂਦਨ, ਲਛਮਣ ਸਿੰਘ ਰੂੜਗੜ੍ਹ, ਭਜਨ ਸਿੰਘ ਕਲੇਰਾਂ, ਮੇਜਰ ਸਿੰਘ ਪੁੰਨਾਵਾਲ ਤੇ ਅਮਰੀਕ ਸਿੰਘ ਆਦਿ ਸ਼ਾਮਲ ਸਨ।