ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਫਰਵਰੀ
ਸਵੇਰ ਤੋਂ ਦੇਰ ਰਾਤ ਤੱਕ ਚੋਣ ਪ੍ਰਚਾਰ ਦੌਰਾਨ ਲਗਭਗ ਸਵਾ-ਡੇਢ ਮਹੀਨੇ ਦੀ ਭੱਜ ਦੌੜ ਤੋਂ ਬਾਅਦ ਅੱਜ ਪਹਿਲੇ ਦਿਨ ਚੋਣ ਲੜ ਰਹੇ ਉਮੀਦਵਾਰਾਂ ਨੂੰ ਫੁਰਸਤ ਦੇ ਪਲ ਨਸੀਬ ਹੋਏ ਹਨ। ਥੱਕੇ-ਟੁੱਟੇ ਅਤੇ ਉਨੀਂਦਰੇ ਉਮੀਦਵਾਰ ਅੱਜ ਸਵੇਰੇ ਦੇਰ ਨਾਲ ਨੀਂਦ ਤੋਂ ਜਾਗੇ ਅਤੇ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕੀਤਾ। ਚੋਣ ਪ੍ਰਚਾਰ ਦਾ ਸਿਰੋਂ ਭਾਰ ਉਤਰ ਜਾਣ ਕਾਰਨ ਉਮੀਦਵਾਰ ਮਾਨਸਿਕ ਅਤੇ ਸਰੀਰਕ ਤੌਰ ਤੇ ਹਲਕੇ-ਫੁਲਕੇ ਨਜ਼ਰ ਆ ਰਹੇ ਸਨ। ਵੋਟਾਂ ਦੀ ਗਿਣਤੀ ’ਚ ਕਾਫ਼ੀ ਦਿਨ ਹੋਣ ਕਾਰਨ ਉਹ ਬੇਫ਼ਿਕਰ ਵੀ ਜਾਪ ਰਹੇ ਸਨ।
ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਆਮ ਦਿਨਾਂ ਦੇ ਮੁਕਾਬਲੇ ਸਵੇਰੇ ਦੇਰ ਨਾਲ ਉੱਠੇ ਅਤੇ ਕੋਠੀ ਦੇ ਵਿਹੜੇ ’ਚ ਬੈਠ ਪਾਰਟੀ ਵਰਕਰਾਂ ਨਾਲ ਕਾਫ਼ੀ ਸਮਾਂ ਬਿਤਾਇਆ। ਪੂਰੇ ਤਰੋਤਾਜ਼ਾ ਮਾਹੌਲ ’ਚ ਉਹ ਵਰਕਰਾਂ ਤੋਂ ਵੱਖ-ਵੱਖ ਹਲਕਿਆਂ ਦੀ ਸਿਆਸੀ ਹਵਾ ਦਾ ਰੁੱਖ ਜਾਣਨ ਦੇ ਯਤਨ ਕਰ ਰਹੇ ਸਨ। ਸਿੰਗਲਾ ਨੇ ਅੱਜ ਕੋਠੀ ’ਚ ਪਰਿਵਾਰ ਨਾਲ ਆਰਾਮ ਨਾਲ ਬੈਠ ਕੇ ਸਮਾਂ ਬਿਤਾਇਆ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੋਲਿੰਗ ਦੌਰਾਨ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ। ਸੰਗਰੂਰ ਹਲਕੇ ਅਤੇ ਪੂਰੇ ਪੰਜਾਬ ਵਿੱਚ ਵੋਟ ਫੀਸਦੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਵਿਚ ਮੁੜ ਵਿਸ਼ਵਾਸ ਜਤਾਉਂਦਿਆਂ ਵੋਟ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ।
ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਹਲਕੇ ਵਿੱਚ ਜਿਥੇ ਚੋਣ ਦਫ਼ਤਰਾਂ ’ਚ ਪਾਰਟੀ ਵਰਕਰਾਂ ਨਾਲ ਸਮਾਂ ਬਿਤਾਇਆ ਉੱਥੇ ਬਾਅਦ ਦੁਪਹਿਰ ਪਿੰਡ ਭਰਾਜ ਆਪਣੇ ਘਰ ਪੁੱਜੇ ਜਿਥੇ ਪਿੰਡ ਵਾਸੀਆਂ ਨੂੰ ਵੀ ਮਿਲੇ। ਭਰਾਜ ਨੇ ਸਭ ਤੋਂ ਪਹਿਲਾਂ ਮੁੱਖ ਚੋਣ ਦਫ਼ਤਰ ਬੈਠ ਕੇ ਵਰਕਰਾਂ ਨਾਲ ਗੱਲਾਂ-ਬਾਤਾਂ ਕੀਤੀਆਂ ਅਤੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮਗਰੋਂ ਭਰਾਜ ਨੇ ਭਵਾਨੀਗੜ੍ਹ ਵਿੱਚ ਚੋਣ ਦਫ਼ਤਰ ਪੁੱਜ ਕੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਹ ਨਦਾਮਪੁਰ ਵਿੱਚ ਹੀ ਚੋਣ ਦਫ਼ਤਰ ਪੁੱਜੇ ਅਤੇ ਵਰਕਰਾਂ ਨੂੰ ਮਿਲੇ। ਬਾਅਦ ਦੁਪਹਿਰ ਪਿੰਡ ਭਰਾਜ ਪੁੱਜ ਕੇ ਪਿੰਡ ਵਾਸੀਆਂ ਨੂੰ ਮਿਲੇ ਅਤੇ ਘਰ ਪਰਿਵਾਰ ਨਾਲ ਬੈਠ ਕੇ ਚੋਣ ਪ੍ਰਚਾਰ ਦੌਰਾਨ ਬਿਤਾਏ ਸਮੇਂ ਅਤੇ ਹੋਈ ਵੋਟਿੰਗ ਬਾਰੇ ਵਿਚਾਰ ਚਰਚਾ ਕੀਤੀ ਗਈ।
ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਵੀ ਅੱਜ ਆਪਣੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਚਾਰ ਤੇ ਪੋਲਿੰਗ ਬਾਰੇ ਗੱਲਾਂ ਕੀਤੀਆਂ। ਇਸ ਮਗਰੋਂ ਉਹ ਧੂਰੀ ਸ਼ਹਿਰ ’ਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਬਾਕੀ ਉਮੀਦਵਾਰਾਂ ਨੂੰ ਵੀ ਭੱਜ-ਦੌੜ ਮਗਰੋਂ ਫੁਰਸਤ ਦੇ ਪਲ ਮਿਲੇ ਜਿੰਨ੍ਹਾਂ ਪਾਰਟੀ ਵਰਕਰਾਂ ਤੇ ਪਰਿਵਾਰ ਨਾਲ ਸਮਾਂ ਬਿਤਾਇਆ।