ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 10 ਫਰਵਰੀ
ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੀ ਧੀ ਨਿਸ਼ਾਤ ਅਖ਼ਤਰ ਨੇ ਆਪਣੀ ਮਾਂ ਦੇ ਹੱਕ ਵਿੱਚ ਅੱਜ ਵਾਰਡ ਨੰਬਰ ਛੇ ਵਿੱਚ ਵਾਰਡ ਇੰਚਾਰਜ ਮਾਸਟਰ ਮੇਲਾ ਸਿੰਘ ਦੇ ਸਹਿਯੋਗ ਨਾਲ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ। ਇਸ ਮੌਕੇ ਨਿਸ਼ਾਤ ਅਖ਼ਤਰ ਅਤੇ ਮਾਸਟਰ ਮੇਲਾ ਸਿੰਘ ਨੇ ਵੋਟਰਾਂ ਨੂੰ ਰਜ਼ੀਆ ਸੁਲਤਾਨਾ ਵੱਲੋਂ ਬਤੌਰ ਹਲਕਾ ਵਿਧਾਇਕਾ ਹੁੰਦਿਆਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਸਮੇਤ ਹੋਰ ਪ੍ਰਾਜੈਕਟ ਲਿਆਉਣ ਤੇ ਹਲਕੇ ’ਚ ਕੀਤੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਬੀਬੀ ਰਜ਼ੀਆ ਸੁਲਤਾਨਾ ਨੂੰ ਸਮਰਥਨ ਦੇਣ ਲਈ ਪ੍ਰੇਰਿਆ। ਨਿਸ਼ਾਤ ਅਖ਼ਤਰ ਨੇ ਵੋਟਰਾਂ ਨੂੰ ਕਿਹਾ ਕਿ ਉਸ ਦੀ ਮਾਤਾ ਪਿਛਲੇ 20-22 ਸਾਲਾਂ ਤੋਂ ਹਲਕੇ ਦੀ ਬਗ਼ੈਰ ਕਿਸੇ ਵਿਤਕਰੇ ਦੇ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਮਾਤਾ ਰਜ਼ੀਆ ਸੁਲਤਾਨਾ ਨੇ ਚੋਣਾਂ ਦੌਰਾਨ ਜਦ ਵੀ ਹਲਕੇ ਦੇ ਲੋਕਾਂ ਨਾਲ ਜੋ ਚੋਣ ਵਾਅਦੇ ਕੀਤੇ ਹਨ ਉਹ ਵਾਅਦੇ ਨਿਭਾਏ ਹਨ। ਨਿਸ਼ਾਤ ਅਖ਼ਤਰ ਅਤੇ ਮਾਸਟਰ ਮੇਲਾ ਸਿੰਘ ਨੇ ਵੋਟਰਾਂ ਨੂੰ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ਸਰਕਾਰ ’ਚ ਮਾਲੇਰਕੋਟਲਾ ਹਲਕੇ ਦੀ ਵੀ ਭਾਈਵਾਲੀ ਹੋਵੇ ਇਸ ਲਈ ਇਸ ਹਲਕੇ ਤੋਂ ਬੀਬੀ ਰਜ਼ੀਆ ਸੁਲਤਾਨਾ ਨੂੰ ਜਿਤਾਇਆ ਜਾਵੇ।
ਪੁੱਤ ਨੇ ਹੈਰੀਮਾਨ ਲਈ ਸਮਰਥਨ ਮੰਗਿਆ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਹਲਕਾ ਸਨੌਰ ਤੋਂ ਕਾਂਗਰਸ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਪੁੱਤਰ ਰਤਿੰਦਰਪਾਲ ਸਿੰਘ ਰਿੰਕੀਮਾਨ ਨੇ ਅੱਜ ਹਰ ਦੁਕਾਨ ਅਤੇ ਘਰ-ਘਰ ਜਾ ਕੇ ਪਿਤਾ ਲਈ ਪ੍ਰਚਾਰ ਤੇਜ਼ ਕੀਤਾ। ਉਨ੍ਹਾਂ ਆਪਣੇ ਪਿਤਾ ਵੱਲੋਂ ਹਲਕੇ ਵਿੱਚ ਕੀਤੇ ਵਿਕਾਸ ਬਾਰੇ ਵੋਟਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕੇ ਦਾ ਹੋਰ ਵਿਕਾਸ ਕਰਵਾਉਣ ਲਈ ਉਸ ਦੇ ਪਿਤਾ ਹੈਰੀਮਾਨ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਜੀਤ ਸਿੰਘ ਚੇਅਰਮੈਨ, ਰਮੇਸ਼ ਲਾਂਬਾ ਉਪ ਚੇਅਰਮੈਨ, ਰਿੰਕੂ ਮਿੱਤਲ, ਰਿੰਕੂ ਸ਼ਰਮਾ, ਸੋਨੀ ਨਿਜ਼ਾਮਪੁਰ, ਯਸਪਾਲ ਸਿੰਗਲਾ, ਜੱਸਾ ਖੇੜੀ ਰਾਜੂ, ਮਨਮੋਹਨ ਸਿੰਘ, ਬਲਜਿੰਦਰ ਮਲਕਪੁਰ, ਲਾਡੀ, ਸ਼ੰਮੀ ਦੇਵੀਗੜ੍ਹ, ਸੰਜੇ ਸਿੰਗਲਾ ਤੇ ਕ੍ਰਿਸ਼ਨ ਲਾਂਬਾ ਆਦਿ ਵੀ ਹਾਜ਼ਰ ਸਨ।
ਭਾਜਪਾ ਉਮੀਦਵਾਰ ਖੰਨਾ ਦੀ ਪਤਨੀ ਵੱਲੋਂ ਚੋਣ ਪ੍ਰਚਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਫਰਵਰੀ
ਸਥਾਨਕ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਪਤਨੀ ਸ਼ਗੁਨ ਖੰਨਾ ਵੱਲੋਂ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਘਰ-ਘਰ ਜਾ ਕੇ ਸਮਰਥਨ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖੰਨਾ ਸਮਾਜ ਸੇਵਾ ਕਰਨ ਦੇ ਮਕਸਦ ਨਾਲ ਹੀ ਮੁੜ ਸਿਆਸਤ ਵਿੱਚ ਆਏ ਹਨ ਅਤੇ ਮੁੜ ਸੰਗਰੂਰ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਸ਼ਗੁਨ ਖੰਨਾ ਨੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਮੈਗਜੀਨ ਮੁਹੱਲਾ, ਮੰਡੀ ਗਲੀ ਅਤੇ ਰਾਮ ਮੰਦਰ ਇਲਾਕੇ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸ਼ਗੁਨ ਖੰਨਾ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਖੰਨਾ ਹਲਕੇ ਦੀ ਨੁਹਾਰ ਬਦਲ ਦੇਣਗੇ ਅਤੇ ਹਲਕੇ ਦਾ ਵਿਕਾਸ ਕਰਵਾ ਕੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।
ਜਲਾਲਪੁਰ ਦੀ ਨੂੰਹ ਚੋਣ ਪ੍ਰਚਾਰ ਵਿੱਚ ਡਟੀ
ਰਾਜਪੁਰਾ (ਪੱਤਰ ਪ੍ਰੇਰਕ): ਹਲਕਾ ਘਨੌਰ ਤੋਂ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਹੁਣ ਉਨ੍ਹਾਂ ਦੀ ਨੂੰਹ ਪਰਨੀਤ ਕੌਰ ਵੀ ਚੋਣ ਪ੍ਰਚਾਰ ਵਿੱਚ ਡਟ ਗਈ ਹੈ। ਪਰਨੀਤ ਕੌਰ ਨੇ ਇੱਥੋਂ ਨੇੜਲੇ ਪਿੰਡ ਸ਼ੈਦਖੇੜੀ ਵਿੱਚ ਔਰਤਾਂ ਦੀ ਨੁੱਕੜ ਚੋਣ ਮੀਟਿੰਗ ਕੀਤੀ ਅਤੇ ਪਿੰਡ ਵਾਸੀਆਂ ਨੂੰ ਕਾਂਗਰਸ ਸਰਕਾਰ ਦੁਆਰਾ ਪੰਜ ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾ ਕੇ ਮੁੜ ਫਤਵੇ ਦੀ ਮੰਗ ਕੀਤੀ।