ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਅਕਤੂਬਰ
ਪਿੰਡਾਂ ਦੇ ਕੱਚੇ ਰਸਤਿਆਂ, ਸੜਕਾਂ ਅਤੇ ਹੋਰ ਖਾਲੀ ਥਾਵਾਂ ’ਤੇ ਖੜ੍ਹੀ ਗਾਜਰ ਬੂਟੀ ਲੋਕਾਂ ਲਈ ਸਿਰਦਰਦੀ ਬਣ ਗਈ ਹੈ। ਬਰਸਾਤ ਦਾ ਮੌਸਮ ਲੰਘਣ ਦੇ ਬਾਅਦ ਵੀ ਇਸ ਸਮੇਂ ਉਕਤ ਥਾਵਾਂ ’ਤੇ ਇਹ ਬੂਟੀ ਖੜ੍ਹੀ ਹੈ। ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਘਾਹ ਦੇ ਸੰਪਰਕ ’ਚ ਵਿੱਚ ਆਉਣ ਨਾਲ ਲੋਕ ਚਮੜੀ ਦੇ ਰੋਗ ਦਾ ਸ਼ਿਕਾਰ ਹੋ ਰਹੇ ਹਨ। ਕਿਸਾਨ ਸੁਖਵਿੰਦਰ ਸਿੰਘ ਮੁਬਾਰਕਪੁਰ ਚੁੰਘਾਂ ਨੇ ਕਿਹਾ ਕਿ ਗਾਜਰ ਬੂਟੀ ਖੇਤ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਖੇਤੀਬਾੜੀ ਵਿਕਾਸ ਅਫ਼ਸਰ ਮਨਵੀਰ ਸਿੰਘ ਨੇ ਦੱਸਿਆ ਕਿ ਗਾਜਰ ਘਾਹ ਦਾ ਖ਼ਾਤਮਾ ਜਾਂ ਤਾਂ ਨਦੀਨ ਨਾਸ਼ਕ ਦਵਾਈਆਂ ਦੇ ਛਿੜਕਾਅ ਨਾਲ ਜਾਂ ਇਸ ਨੂੰ ਬੀਜ ਪੈਣ ਤੋਂ ਪਹਿਲਾਂ ਪੁੱਟ ਕੇ ਇੱਕ ਜਗ੍ਹਾ ਇਕੱਠਾ ਕਰਕੇ ਸੁੱਕਣ ਤੋਂ ਬਾਅਦ ਸਾੜਨ ਕੀਤਾ ਜਾ ਸਕਦਾ ਹੈ। ਵੈਟਰਨਰੀ ਡਾ. ਸੁਖਵਿੰਦਰ ਨੇ ਦੱਸਿਆ ਕਿ ਗਾਜਰ ਘਾਹ ਪਸ਼ੂਆਂ ਲਈ ਵੀ ਹਾਨੀਕਾਰਕ ਹੈ। ਇਸ ਨੂੰ ਖਾਣ ਨਾਲ ਪਸ਼ੂਆਂ ਦੇ ਦੁੱਧ ਵਿੱਚ ਕੁੜੱਤਣ ਆ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਉਤਪਾਦਨ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਮਾਸਟਰ ਮੇਲਾ ਸਿੰਘ ਨੇ ਮੰਗ ਕੀਤੀ ਗਾਜਰ ਬੂਟੀ ਦੀ ਸਫ਼ਾਈ ਕੀਤੀ ਜਾਵੇ।