ਖੇਤਰੀ ਪ੍ਰਤੀਨਿਧ
ਧੂਰੀ, 9 ਜੁਲਾਈ
ਥਾਣਾ ਸਿਟੀ ਧੂਰੀ ਦੀ ਪੁਲੀਸ ਵੱਲੋਂ ਕਥਿਤ ਮਿਲੀਭੁਗਤ ਨਾਲ ਚੌਲਾਂ ਨਾਲ ਭਰਿਆ ਟਰੱਕ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਦੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਢੋਆ-ਢੁਆਈ ਦੇ ਠੇਕੇਦਾਰ ਤਰਨਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਨਾਭਾ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਕਿ ਡਰਾਈਵਰ ਗੁਰਜੰਟ ਸਿੰਘ ਉਰਫ ਬਿੱਟੂ ਵਾਸੀ ਹਿਮਤਾਨਾ ਨੇ ਪਿੰਡ ਧਾਂਦਰਾ ਵਿੱਚ ਸਥਿਤ ਵੇਅਰਹਾਉਸ ਦੇ ਗੁਦਾਮਾਂ ਵਿੱਚੋਂ ਇਕ ਟਰੱਕ ਵਿੱਚ 360 ਕੱਟੇ ਚੌਲਾਂ ਦੇ ਭਰੇ, ਜੋ ਕਿ ਧੂਰੀ ਵਿੱਚ ਐੱਫਸੀਆਈ ਦੇ ਗੁਦਾਮਾਂ ਵਿੱਚ ਆਉਣੇ ਸੀ। ਪਰ ਚੌਲਾਂ ਦਾ ਭਰਿਆ ਟਰੱਕ ਗੁਦਾਮਾਂ ਵਿੱਚ ਨਹੀਂ ਪੁੱਜਿਆ। ਤਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਗੁਰਜੰਟ ਸਿੰਘ ਉਰਫ ਬਿੱਟੂ ਨੇ ਕਥਿਤ ਮਿਲੀਭੁਗਤ ਨਾਲ ਚੌਲਾਂ ਦਾ ਭਰਿਆ ਟਰੱਕ ਗਾਇਬ ਕਰ ਦਿੱਤਾ।
ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਥਾਣੇਦਾਰ ਦਰਸ਼ਨ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਤਰਨਜੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਮੁੱਢਲੀ ਜਾਂਚ ਤੋਂ ਬਾਅਦ ਡਰਾਈਵਰ ਗੁਰਜੰਟ ਸਿੰਘ ਉਰਫ ਬਿੱਟੂ ਵਾਸੀ ਹਿਮਤਾਨਾ, ਅਮਰੀਕ ਸਿੰਘ ਵਾਸੀ ਦਸ਼ਮੇਸ਼ ਨਗਰ ਧੂਰੀ, ਕੰਡਕਟਰ ਮੋਟੂ ਅਤੇ ਜੱਸੀ ਲੇਬਰ ਵਾਲੇ ਖ਼ਿਲਾਫ਼ ਮਿਲੀਭੁਗਤ ਨਾਲ ਚੌਲਾਂ ਦਾ ਟਰੱਕ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਕੇ ਡਰਾਈਵਰ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।