ਪੱਤਰ ਪ੍ਰੇਰਕ
ਭਵਾਨੀਗੜ੍ਹ, 29
ਨੇੜਲੇ ਪਿੰਡ ਆਲੋਅਰਖ ਵਿੱਚ ਵਿਆਹੀ ਇੱਕ ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਭਵਾਨੀਗੜ੍ਹ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਮਨਿੰਦਰ ਸਿੰਘ ਵਾਸੀ ਦੁਗਾਲ ਕਲਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੀ ਭੈਣ ਰਾਜਵਿੰਦਰ ਕੌਰ ਉਰਫ ਡਿੰਪਲ ਰਾਣੀ ਦਾ ਵਿਆਹ 11 ਸਾਲ ਪਹਿਲਾਂ ਲਖਵਿੰਦਰ ਸਿੰਘ ਵਾਸੀ ਆਲੋਅਰਖ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਲਖਵਿੰਦਰ ਸਿੰਘ ਤੇ ਉਸ ਦਾ ਪਰਿਵਾਰ ਉਸਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਰਾਜਵਿੰਦਰ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਮੁਖੀ ਸਮਰਾਓ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਮਨਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲਖਵਿੰਦਰ ਸਿੰਘ (ਪਤੀ), ਰਾਮ ਸਿੰਘ (ਸਹੁਰਾ) ਅਤੇ ਰਾਮ ਮੂਰਤੀ (ਸੱਸ) ਖਿਲਾਫ਼ ਕੇਸ ਦਰਜ ਕਰ ਲਿਆ ਹੈ।