ਨਿਜੀ ਪੱਤਰ ਪ੍ਰੇਰਕ
ਸੰਗਰੂਰ, 3 ਦਸੰਬਰ
ਸੰਗਰੂਰ ਪੁਲੀਸ ਨੇ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀ ਖ਼ਿਲਾਫ਼ ਦਫ਼ਤਰ ਦਾ ਰਿਕਾਰਡ ਪਾੜ੍ਹਨ, ਗਾਇਬ ਕਰਨ ਅਤੇ ਜੇ.ਈ ਨੂੰ ਗਾਲ੍ਹਾਂ ਕੱਢਣ ਤੇ ਹੱਥੋਪਾਈ ਕਰਨ ਦੇੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਨਗਰ ਕੌਂਸਲ ਦੇ ਜੇ.ਈ. ਹਰਗੋਬਿੰਦ ਸਿੰਘ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਨਗਰ ਕੌਂਸਲ ਦਾ ਰਿਟਾਇਰਡ ਕਰਮਚਾਰੀ ਪ੍ਰੇਮ ਸਾਗਰ (ਜੋ ਵਿਜੀਲੈਂਸ ਵਲੋਂ ਮੁਅੱਤਲ ਕੀਤਾ ਹੋਇਆ ਹੈ) ਲੰਘੇ ਕੱਲ੍ਹ ਦੁਪਹਿਰ 12 ਵਜੇ ਨਗਰ ਕੌਂਸਲ ਦਫ਼ਤਰ ਆਇਆ ਜਿਸ ਨਾਲ ਦੋ/ਤਿੰਨ ਵਿਅਕਤੀ ਹੋਰ ਸਨ। ਉਸ ਮੌਕੇ ਉਹ ਤੇ ਕਲਰਕ ਸੁਖਦੀਪ ਸਿੰਘ ਸ਼ਹਿਰ ਦੀਆਂ ਇਮਾਰਤਾਂ ਸਬੰਧੀ ਵਿਜੀਲੈਂਸ ਵਲੋਂ ਮੰਗਵਾਇਆ ਪੁਰਾਣਾ ਰਿਕਾਰਡ ਸਾਲ 2017 ਤੋਂ ਹੁਣ ਤੱਕ ਦਾ ਕਢਵਾ ਕੇ ਚੈਕ ਕਰ ਰਹੇ ਸੀ। ਪ੍ਰੇਮ ਸਾਗਰ ਨੇ ਕਿਹਾ ਕਿ ਪਤਾ ਲੱਗਿਆ ਹੈ ਕਿ ਵਿਜੀਲੈਂਸ ਨੂੰ ਕੋਈ ਰਿਕਾਰਡ ਦੇ ਰਹੇ ਹੋ। ਰਿਕਾਰਡ ਉਸਨੂੰ ਦਿਖਾਓ, ਰਿਕਾਰਡ ਬਾਰੇ ਉਸਨੂੰ ਪੂਰੀ ਜਾਣਕਾਰੀ ਹੈ। ਜੇਈ ਅਨੁਸਾਰ ਉਸ ਨੇ ਕਿਹਾ ਕਿ ਈਓ ਦੀ ਮਨਜ਼ੂਰੀ ਬਗੈਰ ਰਿਕਾਰਡ ਨਹੀਂ ਦਿਖਾ ਸਕਦੇ। ਉਸ ਵੱਲੋਂ ਰਿਕਾਰਡ ਨਾ ਦਿਖਾਉਣ ’ਤੇ ਪ੍ਰੇਮ ਸਾਗਰ ਉੱਚੀ ਬੋਲਣ ਲੱਗਾ ਤੇ ਗਾਲਾਂ ਕੱਢਣ ਲੱਗਾ ਤੇ ਧਮਕੀਆਂ ਦਿੱਤੀਆਂ। ਉਸ ਖ਼ਿਲਾਫ਼ ਜਾਤੀ ਤੌਰ ’ਤੇ ਅਪਸ਼ਬਦ ਵੀ ਬੋਲੇ। ਜੇਈ ਅਨੁਸਾਰ ਜਦੋਂ ਉਸਨੇ ਚੁੱਪ ਰਹਿਣ ਲਈ ਕਿਹਾ ਤਾਂ ਰਿਟਾਇਰਡ ਕਰਮਚਾਰੀ ਤੇ ਉਸ ਨਾਲ ਆਏ ਅਣਪਛਾਤੇ ਵਿਅਕਤੀ ਨੇ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਕਮਰੇ ’ਚ ਪਏ ਸਾਮਾਨ ਦੀ ਭੰਨ ਤੋੜ ਕੀਤੀ, ਉਸਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਦਫ਼ਤਰ ਵਿੱਚ ਮੇਜ਼ ’ਤੇ ਪਿਆ ਰਿਕਾਰਡਅਤੇ ਵਰਕਸ ਸਾਖ਼ਾ ਨਾਲ ਸਬੰਧਤ ਫਾਈਲਾਂ ਆਪਣੇ ਸਾਥੀਆਂ ਸਮੇਤ ਚੁੱਕ ਲਈਆਂ ਤੇ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਸਿਕਾਇਤਕਰਤਾ ਅਨੁਸਾਰ ਉਸਨੇ ਚੁੱਕਿਆ ਰਿਕਾਰਡ ਵਾਪਸ ਖੋਹਣਾ ਚਾਹਿਆ ਤਾਂ ਰਿਟਾਇਰਡ ਕਰਮਚਾਰੀ ਨੇ ਉਸਦੇ ਹੱਥ ਉਪਰ ਕੋਈ ਤਿੱਖੀ ਚੀਜ਼ ਮਾਰ ਕੇ ਉਸਨੂੰ ਪਰੇ ਸੁੱਟ ਦਿੱਤਾ। ਵਿਜੀਲੈਂਸ ਨੂੰ ਦਿੱਤਾ ਜਾਣ ਵਾਲਾ ਰਿਕਾਰਡ ਤੇ ਹੋਰ ਰਿਕਾਰਡ ਆਪਣੇ ਸਾਥੀਆਂ ਦੀ ਮੱਦਦ ਨਾਲ ਲੈ ਕੇ ਭੱਜ ਗਿਆ। ਜੇਈ ਅਨੁਸਾਰ ਉਸਨੇ ਤੇ ਬਿਲਡਿੰਗ ਕਲਰਕ ਰੌਲਾ ਪਾਉਂਦਿਆਂ ਉਸਦੇ ਪਿੱਛੇ ਵੀ ਭੱਜੇ ਪਰ ਉਸਨੂੰ ਫੜ੍ਹ ਨਹੀਂ ਸਕੇ। ਸ਼ਿਕਾਇਤਕਰਤਾ ਅਨੁਸਾਰ ਉਹ ਅੰਗਹੀਣ ਵਿਅਕਤੀ ਹੈ। ਥਾਣਾ ਸਿਟੀ ਪੁਲੀਸ ਅਨੁਸਾਰ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀ ਪ੍ਰੇਮ ਸਾਗਰ ਦੇ ਖ਼ਿਲਾਫ ਜ਼ੇਰੇ ਦਫ਼ਾ 353, 186, 506, 427 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।