ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਰਾਜਪੁਰਾ, 3 ਮਈ
ਹਲਕੇ ਦੇ ਵੱਖ ਵੱਖ ਖੇਤਰਾਂ ਵਿਚ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਈਦ-ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਨਾਨਕ ਨਗਰ ਨਲਾਸ ਰੋਡ ਵਿੱਚ ਸਥਿਤ ਮਦੀਨਾ ਮਸਜਿਦ ਵਿਚ ਪ੍ਰਧਾਨ ਇਸਲਾਮ ਅਲੀ ਦੀ ਅਗਵਾਈ ਹੇਠ ਅਤੇ ਪੁਰਾਣੀ ਕਚਹਿਰੀ ਰੋਡ ’ਤੇ ਸਥਿਤ ਜਾਮਾ ਮਸਜਿਦ ਭਠਿਆਰਾਂ ਵਿੱਚ ਮੈਨੇਜਮੈਂਟ ਕਮੇਟੀ ਪ੍ਰਧਾਨ ਨੂਰ ਮੁਹੰਮਦ ਦੀ ਅਗਵਾਈ ਹੇਠ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ ਅਤੇ ਗਲ਼ ਲੱਗ ਕੇ ਇਕ-ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਨਮਾਜ਼ ਅਦਾ ਕਰਵਾਉਣ ਦੀ ਰਸਮ ਮੌਲਵੀ ਕਾਰੀ ਮਤਲੂਬ ਅਹਿਮਦ ਨੇ ਨਿਭਾਈ। ਇਸ ਮੌਕੇ ਹਲਕਾ ਵਿਧਾਇਕ ਨੀਨਾ ਮਿੱਤਲ, ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਲਾਲੀ, ਜਤਿੰਦਰ ਸਿੰਘ, ਕਰਨ ਗੜੀ, ਗੁਰਵੀਰ ਸਰਾਓ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਇਸੇ ਤਰ੍ਹਾਂ ਰਾਜਪੁਰਾ ਦੀ ਪੁਰਾਣੀ ਕਚਹਿਰੀ ਨੇੜਲੀ ਜਾਮਾ ਮਸਜਿਦ ਪਠਿਆਰਾ ਵਿੱਚ ਮਸਜਿਦ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂਰ ਮੁਹੰਮਦ, ਮਿਰਜਾ ਮੁਹੰਮਦ ਨਸੀਮ, ਨਸੀਬ ਸ਼ਾਹ, ਡਾ. ਗੁਲਜ਼ਾਰ, ਮੁਹੰਮਦ ਖਾਨ ਅਤੇ ਹੋਰਨਾਂ ਦੀ ਸਾਂਝੀ ਦੇਖ-ਰੇਖ ਹੇਠ ਮੁਸਲਮਾਨ ਭਾਈਚਾਰੇ ਵੱਲੋਂ ਈਦ-ਉਲ ਫਿਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕਰਕੇ ਇੱਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਨਮਾਜ਼ ਅਦਾ ਕਰਨ ਦੀ ਰਸਮ ਮੌਲਵੀ ਕਾਰੀ ਮੁਤਲੂਬ ਅਹਿਮਦ ਵੱਲੋਂ ਨਿਭਾਈ ਗਈ। ਇਸ ਮੌਕੇ ਭਾਈਚਾਰੇ ਦੇ ਲੋਕਾਂ ਵੱਲੋਂ ਜਲਜੀਰਾ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਹਲਕਾ ਵਿਧਾਇਕ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ ਸਮੇਤ ਹੋਰਨਾਂ ਆਗੂਆਂ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿਤੀਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਸਬ-ਡਿਵੀਜ਼ਨ ਪੱਧਰ ’ਤੇ ਈਦ-ਉਲ ਫਿੱਤਰ ਦਾ ਦਿਹਾੜਾ ਮਨਾਇਆ ਗਿਆ। ਮਸਜਿਦ ਦੇ ਮੁੱਖ ਇਮਾਮ ਮੁਲਾਣਾ ਖਲੀਲ ਅਹਿਮਦ ਨੇ ਨਮਾਜ਼ ਦੀ ਰਸਮ ਅਦਾ ਕੀਤੀ। ਮਸਜਿਦ ਕਮੇਟੀ ਦੇ ਪ੍ਰਧਾਨ ਬੀਰਬਲ ਖਾਂ ਤੇ ਨੇਕ ਖਾਂ ਨੇ ਕਿਹਾ ਕਿ ਦੇਸ਼ ਅੰਦਰ ਕੁਝ ਸ਼ਕਤੀਆਂ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਖੰਡਤ ਕਰਨ ਦੀਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਹਨ, ਪਰ ਦੇਸ਼ ਦਾ ਮੁਸਲਿਮ ਭਾਈਚਾਰਾ ਮੁਲਕ ’ਤੇ ਬਰਾਬਰ ਦਾ ਹੱਕ ਹੋਣ ਕਾਰਨ ਇਸ ਦੀ ਖੁਸ਼ਹਾਲੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇਗਾ। ਉਨ੍ਹਾਂ ਸਰਕਾਰ ਤੋਂ ਲੋੜਵੰਦ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵੀ ਆਰਥਿਕ ਮਦਦ ਦੇਣ ਦੀ ਮੰਗ ਕੀਤੀ। ਇਸ ਮੌਕੇ ਮਸਜਿਦ ਕਮੇਟੀ ਦੇ ਆਗੂ ਨੇਕ ਖਾਂ, ਬਾਰੂ ਖਾਂ, ਗੁਲਾਬ ਸ਼ਾਹ, ਐਡਵੋਕੇਟ ਕਰਮਦੀਨ, ਸ਼ਿੰਦਾ ਖਾਂ, ਨਿਮਾ ਖਾਂ ਵੀ ਹਾਜ਼ਰ ਸਨ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਈਦ-ਉਲ ਫਿਤਰ ਮੌਕੇ ਅੱਜ ਦਿੜ੍ਹਬਾ ਨੇੜਲੇ ਪਿੰਡ ਚੱਠਾ ਨਨਹੇੜਾ ਦੇ ਮਸਜਿਦ ਉਮਰ ਵਿੱਚ ਕਾਂਗਰਸ ਦੇ ਘੱਟ ਗਿਣਤੀ ਵਿੰਗ ਦੇ ਵਾਈਸ ਚੇਅਰਮੈਨ ਡਾ. ਰਹਿਮਤ ਅਲੀ ਦੀ ਅਗਵਾਈ ਹੇਠ ਈਦ ਮਨਾਈ ਗਈ। ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਸਿੱਖ ਭਾਈਚਾਰੇ ਤੋਂ ਇਲਾਵਾ ਇਦੂ ਭਾਈਚਾਰੇ ਅਤੇ ਪਿੰਡ ਦੇ ਪਤਵੰਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ। ਇਸ ਮੌਕੇ ਮੁਸਲਿਮ ਵੈੱਲਫੇਅਰ ਕਮੇਟੀ ਚੱਠਾ ਨਨਹੇੜਾ ਅਤੇ ਮੁਸਲਿਮ ਭਾਈਚਾਰੇ ਵੱਲੋਂ ਜਲੇਬੀਆਂ ਲੰਗਰ ਲਾਇਆ ਗਿਆ।
ਘਨੌਰ (ਪੱਤਰ ਪ੍ਰੇਰਕ): ਇਥੋਂ ਦੀ ਜਾਮਾ ਮਸਜਿਦ ਵਿੱਚ ਪ੍ਰਬੰਧਕ ਕਮੇਟੀ ਦੇ ਆਗੂਆਂ ਹਾਜੀ ਰੋਸ਼ਨ ਅਲੀ, ਗੁਲਜ਼ਾਰ ਖਾਨ, ਮੁਸਤਾਕ ਅਲੀ, ਮੱਖਣ ਖਾਨ, ਰੂੜਾ ਮੁਹੰਮਦ, ਨਸੀਰੂਦੀਨ, ਚਨਰਜੀਤ ਖਾਨ, ਬਬਲੂ ਖਾਨ, ਵਸੀਰ ਖਾਨ ਸਮੇਤ ਹੋਰਨਾਂ ਦੀ ਸਾਂਝੀ ਦੇਖ-ਰੇਖ ਵਿੱਚ ਇਕੱਤਰ ਹੋਏ ਇਲਾਕੇ ਦੇ ਮੁਸਲਮਾਨ ਭਾਈਚਾਰੇ ਵੱਲੋਂ ਈਦ-ਉਲ ਫਿਤਰ ਦਾ ਤਿਉਹਾਰ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਾਮਾ ਮਸਜਿਦ ਪੁੱਜੇ ਖੇਤਰ ਦੇ ਘਨੌਰ, ਕਪੂਰੀ, ਅਲਾਮਦੀਪਰ, ਮਰਦਾਂਪੁਰ, ਹਰਪਾਲਪੁਰ, ਅਜਰਾਵਰ, ਨਸੀਰਪੁਰ, ਕਾਮੀਂ ਖੁਰਦ, ਲਾਛੜੂ, ਕਾਮੀਂ ਕਲਾਂ ਸਮੇਤ ਹੋਰਨਾਂ ਪਿੰਡਾਂ ਦੇ ਮੁਸਲਮਾਨ ਭਾਈਚਾਰੇ ਨੂੰ ਮੌਲਵੀ ਮੁਹੰਮਦ ਮਹੁਸੀਨ ਨੇ ਨਮਾਜ ਅਦਾ ਕਰਵਾਈ ਅਤੇ ਹਲਕੇ ਦੀ ਸੁੱਖ ਸ਼ਾਂਤੀ ਤੇ ਆਪਸ ਵਿੱਚ ਮਿਲਜੁਲ ਕੇ ਰਹਿਣ ਦੀ ਦੁਆ ਕੀਤੀ। ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਈਦ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆ।
ਸਾਬਕਾ ਮੰਤਰੀ ਸਿੰਗਲਾ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ
ਭਵਾਨੀਗੜ੍ਹ (ਪੱਤਰ ਪ੍ਰੇਰਕ): ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਬਿੱਟੂ ਖਾਂ ਦੀ ਅਗਵਾਈ ਹੇਠ ਪਵਿੱਤਰ ਈਦ ਮੌਕੇ ਰੱਖੇ ਸਮਾਗਮ ਵਿੱਚ ਸ਼ਾਮਲ ਹੋ ਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ। ਸਿੰਗਲਾ ਨੇ ਮੁਸਲਿਮ ਸਮਾਜ ਦੇ ਨੁਮਾਇੰਦਿਆਂ ਨਾਲ ਤੋਹਫੇ ਸਾਂਝੇ ਕਰਦਿਆਂ ਕਿਹਾ ਕਿ ਪਵਿੱਤਰ ਈਦ ਵਰਗੇ ਤਿਉਹਾਰ ਸਮਾਜ ਵਿੱਚ ਏਕਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ। ਉੁਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਅਤੇ ਪੰਜਾਬ ਵਿੱਚ ਧਰਮ ਨਿਰਪੱਖਤਾ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਮੌਕੇ ਰਣਜੀਤ ਸਿੰਘ ਤੂਰ, ਪ੍ਰਦੀਪ ਕੁਮਾਰ ਕੱਦ,ਜਗਤਾਰ ਨਮਾਦਾ,ਹਰੀ ਸਿੰਘ ਫੱਗੂਵਾਲਾ ਆਦਿ ਆਗੂ ਵੀ ਹਾਜ਼ਰ ਸਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਈਦ ਦੀਆਂ ਮੁਬਾਰਕਾਂ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਰਕਾਰ ਤਰਫ਼ੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਸਥਾਨਕ ਈਦਗਾਹ ਵਿੱਚ ਪੁੱਜ ਕੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਈਦਗਾਹ ਵਿੱਚ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ’ਤੇ ਹੋਏ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਈਦ ਦਾ ਪਵਿੱਤਰ ਤਿਉਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗ਼ਾਮ ਲੈ ਕੇ ਆਉਂਦਾ ਹੈੈ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਤਿਓਹਾਰ ਆਪਸੀ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਪ੍ਰਤੀਕ ਹੈ। ਇਸ ਮੌਕੇ ਸਫੀ ਮੁਹੰਮਦ, ਟਿੰਕਲ ਗਰਗ ਵੀ ਉਹਨਾਂ ਦੇ ਨਾਲ ਮੌਜੂਦ ਸਨ।