ਪੱਤਰ ਪ੍ਰੇਰਕ
ਚੀਮਾ ਮੰਡੀ, 5 ਫਰਵਰੀ
ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਵਿੱਚ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਾਂ ਸਰਸਵਤੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਪ੍ਰਿੰਸੀਪਲ ਡਾ. ਵੀ.ਕੇ. ਰਾਏ ਨੇ ਕਿਹਾ ਕਿ ਮਾਂ ਸਰਸਵਤੀ ਅਗਿਆਨ ਨੂੰ ਦੂਰ ਕਰ ਕੇ ਗਿਆਨ ਦਾ ਪ੍ਰਕਾਸ਼ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਬਸੰਤ ਰੁੱਤ ਦੇ ਵਾਤਾਵਰਨ ਵਿੱਚ ਬਦਲਾਅ ਅਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ।
ਸੰਗਰੂਰ (ਪੱਤਰ ਪ੍ਰੇਰਕ): ਲਾਈਫ਼ ਗਾਰਡ ਵਿੱਦਿਅਕ ਸੰਸਥਾਵਾਂ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਚਾਈਲਡ ਵੈੱਲਫ਼ੇਅਰ ਕਾਊਂਸਿਲ ਸੰਗਰੂਰ ਦੇ ਸਹਿਯੋਗ ਨਾਲ ਮਨਾਇਆ ਗਿਆ| ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਬਾਗ ਸੁਰੱਖਿਆ ਅਧਿਕਾਰੀ ਨਵਨੀਤ ਕੌਰ ਤੂਰ ਨੇ ਕੀਤੀ| ਇਸ ਸਮੇਂ ਸੰਸਥਾ ਡਾਇਰੈਕਟਰ ਅਤੇ ਮੈਂਬਰ ਚਾਈਲਡ ਵੈੱਲਫ਼ੇਅਰ ਕਾਊਂਸਿਲ ਡਾ: ਸੁਖਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ| ਡਾ. ਚਰਨਜੀਤ ਸਿੰਘ ਉਡਾਰੀ ਨੇ ਇਸ ਤਿਉਹਾਰ ਨੂੰ ਖੁਸ਼ੀਆਂ-ਖੇੜ੍ਹਿਆਂ ਅਤੇ ਮੌਸਮ ਦੀ ਤਬਦੀਲੀ ਦਾ ਤਿਉਹਾਰ ਦੱਸਿਆ| ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ| ਅੰਤ ’ਚ ਸੰਸਥਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ|
ਬੁੱਢਾ ਦਲ ਵਿਖੇ ਬਸੰਤ ਰੁੱਤ ਦੀ ਆਮਦ ’ਤੇ ਗੁਰਮਤਿ ਸਮਾਗਮ
ਪਟਿਆਲਾ: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਇੱਥੇ ਸਥਿਤ ਬਗੀਚੀ ਬਾਬਾ ਬੰਬਾ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਬਸੰਤ ਰੁੱਤ ਵਿਸ਼ੇਸ਼ ਗੁਰਮਤਿ ਸਮਾਗਮ ਕਰ ਕੇ ਮਨਾਈ ਗਈ। ਇਸ ਮੌਕੇ ਅਖੰਡ ਪਾਠ ਦੇ ਭੋਗ ਮਗਰੋਂ ਬਸੰਤ ਰਾਗ ਵਿੱਚ ਗੁਰਬਾਣੀ ਕੀਰਤਨ ਹੋਇਆ। ਵੱਖ-ਵੱਖ ਪ੍ਰਚਾਰਕਾਂ ਨੇ ਰੁੱਤ ਦੀ ਮਹੱਤਤਾ ਅਤੇ ਗੁਰਬਾਣੀ ਵਿੱਚ ਇਸ ਦੇ ਸਥਾਨ ਬਾਰੇ ਵਿਚਾਰ ਸਾਂਝੇ ਕੀਤੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੁਦਰਤੀ ਨਿਯਮਾਂ ਅਨੁਸਾਰ ਪੰਜਾਬ ਦੀ ਧਰਤ ’ਤੇ ਛੇ ਰੁੱਤਾਂ ਆਉਦੀਆਂ ਹਨ ਪਰ ਆਮ ਲੋਕਾਂ ਨੂੰ ਗਰਮੀ ਸਰਦੀ ਦੋ ਰੁੱਤਾਂ ਹੀ ਲੱਗਦੀਆਂ ਹਨ। ਇਨ੍ਹਾਂ ਰੁੱਤਾਂ ’ਚ ਬਸੰਤ ਸਰਬੋਤਮ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਸੰਤ ਰੁੱਤ ਨੂੰ ਹਰ ਗੁਰੂ ਘਰ ਵਿੱਚ ਗੁਰਮਤਿ ਪਰੰਪਰਾ ਅਨੁਸਾਰ ਮਨਾਉਣ ਦਾ ਆਦੇਸ਼ ਦਿੱਤਾ ਸੀ। -ਖੇਤਰੀ ਪ੍ਰਤੀਨਿਧ