ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਜੁਲਾਈ
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਤੇ ਸਾਬਕਾ ਮੰਤਰੀ ਪੰਜਾਬ ਮਰਹੂਮ ਬਾਬੂ ਭਗਵਾਨ ਦਾਸ ਅਰੋੜਾ ਦੀ 23ਵੀਂ ਬਰਸੀ ਦੇ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਸਣੇ ਕਈ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਮੁਫ਼ਤ ਡੈਂਟਲ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ। ਗੁਰੂ ਨਾਨਕ ਦੇਵ ਡੈਂਟਲ ਕਾਲਜ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅਮਨ ਅਰੋੜਾ ਵੀ ਆਪਣੇ ਪਿਤਾ ਵਾਂਗ ਹੀ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਸੇਵਾ ਨੂੰ ਸਮਰਪਿਤ ਹਨ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਬਾਬੂ ਅਰੋੜਾ ਨੇ ਇਲਾਕੇ ਦੀ ਸੇਵਾ ਦਾ ਸੰਕਲਪ ਮਨ ਵਿੱਚ ਲੈ ਕੇ ਇਹ ਡੈਂਟਲ ਕਾਲਜ ਖੋਲ੍ਹਿਆ ਸੀ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਰਹੂਮ ਬਾਬੂ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ’ਤੇ ਹਮੇਸ਼ਾਂ ਹੀ ਲੋੜਵੰਦਾਂ, ਗ਼ਰੀਬਾਂ ਦੀ ਸੇਵਾ ਨੂੰ ਤਰਜ਼ੀਹ ਦਿੱਤੀ।
ਇਸ ਮੌਕੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮਾਲੇਰਕੋਟਲਾ ਜ਼ਮੀਲ ਉਰ ਰਹਿਮਾਨ, ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਭਦੌੜ ਲਾਭ ਸਿੰਘ ਉੱਗੋਕੇ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਸਣੇ ਹੋਰ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮਾਤਾ ਪਰਮੇਸ਼ਵਰੀ ਦੇਵੀ ਤੇ ਭੈਣ ਰਾਧਿਕਾ ਅਰੋੜਾ ਸਣੇ ਸਮੁੱਚੇ ਪਰਿਵਾਰ ਤਰਫ਼ੋਂ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡੀਸੀ ਜਤਿੰਦਰ ਜੋਰਵਾਲ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਪੀਐਸਆਈਡੀਸੀ ਜਸਵੀਰ ਸਿੰਘ ਕੁਦਨੀ, ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ ਸਣੇ ਹੋਰ ਹਾਜ਼ਰ ਸਨ।