ਹਰਦੀਪ ਸਿੰਘ ਸੋਢੀ
ਧੂਰੀ, 10 ਨਵੰਬਰ
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ‘ਪੰਜਾਬੀ ਟ੍ਰਿਬਿਊਨ’ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਠਾਨਕੋਟ, ਬਟਾਲਾ, ਮੁਕੇਰੀਆਂ ਸ਼ਹਿਰਾਂ ਨੂੰ ਪੰਜਾਬ ਨਾਲੋਂ ਤੋੜ ਕੇ ਜੰਮੂ ਨਾਲ ਜੋੜਨ ਦੀਆਂ ਚੱਲ ਰਹੀਆਂ ਗਤੀਵਿਧੀਆਂ ਪਿੱਛੇ ਆਰਐੱਸ ਐੱਸ ਦਾ ਸਿੱਧਾ ਹੱਥ ਹੈ। ਉਨ੍ਹਾਂ ਕਿਹਾ ਜਦੋਂਕਿ ਜੰਮੂ ਵਿੱਚ ਵੱਧ ਵੱਸੋਂ ਪੰਜਾਬੀਆਂ ਦੀ ਹੋਣ ਕਾਰਨ ਜੰਮੂ ਨੂੰ ਪੰਜਾਬ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਕੇਂਦਰ ਦੀਆਂ ਸਰਕਾਰਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਦਾ ਪਹਿਲਾਂ 1947, ਫਿਰ 1966 ਵਿੱਚ ਬਟਬਾਰਾ ਕੀਤਾ ਅਤੇ ਹੁਣ ਫਿਰ ਤੋਂ ਪੰਜਾਬ ਨੂੰ ਛੋਟਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਉਨ੍ਹਾਂ ਦੀ ਪਾਰਟੀ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ ਕਿ ਪਠਾਨਕੋਟ ਦੇ ਫਾਜ਼ਿਲਕਾ ਨੂੰ ਜ਼ਿਲ੍ਹਾ ਨਾ ਬਣਾਇਆ ਜਾਵੇ। ਬਾਦਲ ਵੱਲੋਂ ਆਰਐੱਸਐੱਸ ਦੇ ਪ੍ਰਭਾਵ ਹੇਠ ਇਨ੍ਹਾਂ ਸ਼ਹਿਰਾਂ ਨੂੰ ਜ਼ਿਲ੍ਹਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜੇ ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹੋਰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੀ ਪਾਰਟੀ ਅੰਤਰਰਾਸ਼ਟਰੀ ਪੱਧਰ ’ਤੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬੈਡਨ ਵੱਲੋਂ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2002 ਵਿੱਚ ਕਰਵਾਏ ਦੰਗਿਆਂ, 2013 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸਮੇਂ ਗੁਜਰਾਤ ਦੀ ਜ਼ਮੀਨ ਨੂੰ ਉਪਜਾਊ ਬਣਾਉਣ ਵਾਲੇ 60 ਹਜ਼ਾਰ ਪੰਜਾਬੀਆਂ ਨੂੰ ਗੁਜਰਾਤ ਵਿੱਚੋਂ ਕੰਢ ਦੇਣ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਧਾਰਾ-370 ਨੂੰ ਖਤਮ ਕਰਨ ਦੇ ਫੈਸਲਿਆਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਜਾਂਚ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅੰਦਰੂਨੀ ਸੋਚ ਪੰਜਾਬ ਅਤੇ ਪੰਜਾਬੀਅਤ ਦੇ ਉਲਟ ਰਹੀਂ ਹੈ।