ਖੇਤਰੀ ਪ੍ਰਤੀਨਿਧ
ਧੂਰੀ, 20 ਅਗਸਤ
ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ੁਰੂ ਕੀਤੀ ‘ਮੇਰਾ ਹਲਕਾ, ਮੇਰਾ ਪਰਿਵਾਰ’ ਮੁਹਿੰਮ ਤਹਿਤ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਣਾਈਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਟੀਮ ਦੇ ਆਗੂ ਮਨੀਸ਼ ਗਰਗ, ਚੇਅਰਮੈਨ ਮਾਰਕੀਟ ਕਮੇਟੀ ਧੂਰੀ ਨੇ ਦੱਸਿਆ ਕਿ ਹੁਣ ਤੱਕ ਜਿੱਥੇ ਵੱਖ-ਵੱਖ ਵਾਰਡਾਂ ਦੇ ਦੌਰੇ ਦੌਰਾਨ ਸਫ਼ਾਈ ਅਤੇ ਕੁਝ ਗਲੀਆਂ ਪੱਕਾ ਕਰਨ ਦਾ ਮਸਲਾ ਉਨ੍ਹਾਂ ਸਾਹਮਣੇ ਆਇਆ ਹੈ, ਉੱਥੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼ਹਿਰ ’ਚ ਦਰਪੇਸ਼ ਸਮੱਸਿਆਵਾਂ ਸਬੰਧੀ ਕਾਰਜਸਾਧਕ ਅਫ਼ਸਰ ਨੂੰ ਤੁਰੰਤ ਸਫ਼ਾਈ ਪ੍ਰਬੰਧ ਕਰਨ ਤੇ ਗਲੀਆਂ ਜਲਦ ਪੱਕੀਆਂ ਕਰਨ ਲਈ ਕਿਹਾ ਗਿਆ ਹੈ, ਉੱਥੇ ਸੀਵਰੇਜ ਵਿਭਾਗ ਨੂੰ ਵਾਟਰ ਸਪਲਾਈ ਤੇ ਸੀਵਰੇਜ ਸਬੰਧੀ ਸਮੱਸਿਆਵਾਂ ਦੂਰ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਧਿਆਨ ’ਚ ਲਿਆਂਦੀਆਂ ਸਮੱਸਿਆਵਾਂ ਬਾਰੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਹਦਾਇਤ ਕੀਤੀ ਗਈ ਹੈ।