ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਨਵੰਬਰ
ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਿੰਡ ਸੇਖੂਵਾਸ ’ਚ ਟਾਵਰ ਦੇ ਮਸਲੇ ਨੂੰ ਲੈ ਕੇੇ ਲਹਿਲ ਖੁਰਦ ਕੈਂਚੀਆਂ ’ਚ ਚੱਕਾ ਜਾਮ ਲਾ ਦਿੱਤਾ ਗਿਆ।
ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਸੂਬਾ ਸਿੰਘ ਸੰਗਤਪੁਰਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਹਰਪ੍ਰੀਤ ਸਿੰਘ ਲਹਿਲ ਕਲਾ, ਜਗਦੀਪ ਸਿੰਘ ਲਹਿਲ ਖੁਰਦ, ਜੱਸੀ ਸੇਖੂਵਾਸ, ਗੁਰਦਾਸ ਸਿੰਘ ਸੇਖੁਵਾਸ ਹਰਸੇਵਕ ਸਿੰਘ ਲਹਿਲ ਖੁਰਦ, ਸਰਬੀ ਲਹਿਰਾ, ਮਿੰਦਰ ਘੋੜੇਨਬ, ਕੁਲਵਿੰਦਰ ਸਿੰਘ ਸੇਖੂਵਾਸ ਤੇ ਪਾਲ ਸਿੰਘ ਸੇਖੂਵਾਸ ਆਦਿ ਆਗੂਆਂ ਨੇ ਜਾਮ ਲਾਉਣ ਦਾ ਪਹਿਲਾ ਕਾਰਨ ਟਾਵਰ ਦੇ ਮਸਲੇ ਸਬੰਧੀ ਥਾਣੇ ਗਏ ਬਲਾਕ ਦੇ ਆਗੂਆਂ ਨਾਲ ਥਾਣੇ ਦੇ ਐੱਸਐੱਚਓ ਨੇ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਦੂਜਾ ਕਾਰਨ ਪਿੰਡ ਸੇਖੂਵਾਸ ਵਿੱਚ ਲੋਕਾਂ ਦੇ ਵਿਰੋਧ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਸ਼ਹਿ ਉਤੇ ਵਸੋਂ ਵਿੱਚ ਟਾਵਰ ਲਾਇਆ ਜਾ ਰਿਹਾ ਹੈ ਜੋ ਗੈਰਕਾਨੂੰਨੀ ਹੈ। ਪਿੰਡ ਵਾਸੀਆਂ ਨੇ ਪਹਿਲਾਂ ਵੀ ਕਈ ਵਾਰ ਧਰਨੇ ਲਾ ਕੇ ਇਸ ਏਅਰਟੈੱਲ ਕੰਪਨੀ ਦੇ ਟਾਵਰ ਨੂੰ ਲਾਉਣ ਤੋਂ ਰੋਕਣ ਲਈ ਧਰਨੇ ਲਾਏ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਟਾਵਰ ਦੇ ਆਬਾਦੀ ਵਿੱਚ ਲੱਗਣ ਨਾਲ ਲੋਕਾਂ ਉੱਤੇ ਟਾਵਰ ਤੋਂ ਨਿਕਲਣ ਵਾਲੀਆਂ ਤਰੰਗਾਂ ਦਾ ਮਾੜਾ ਅਸਰ ਪਵੇਗਾ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਥਾਣੇ ਦਾ ਮੁਖੀ ਲੋਕਾਂ ਪ੍ਰਤੀ ਅਤੇ ਜਥੇਬੰਦੀ ਦੇ ਆਗੂਆਂ ਪ੍ਰਤੀ ਆਪਣੀ ਸ਼ਬਦਾਵਲੀ ਸੁਧਾਰੇ। ਇਸੇ ਦੌਰਾਨ ਐੱਸਐੱਚਓ ਇੰਸਪੈਕਟਰ ਵਿਜੈ ਕੁਮਾਰ ਨੇ ਕਿਸਾਨ ਜਥੇਬੰਦੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਪਸੀ ਗਲਤਫਹਿਮੀ ਦੂਰ ਕੇ ਜਾਮ ਖੁਲ੍ਹਵਾ ਦਿੱਤਾ ਹੈ।