ਹਰਦੀਪ ਸਿੰਘ ਸੋਢੀ
ਧੂਰੀ, 2 ਮਈ
ਦਿ ਧੂਰੀ ਮਿਨੀ ਟੈਂਪੂ ਅਪਰੇਟਰਜ਼ ਐਸੋਸੀਏਸ਼ਨ ਵੱਲੋਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਕਾਰਨ ਉਨ੍ਹਾਂ ਦੇ ਵਪਾਰ ਨੂੰ ਹੋਣ ਵਾਲੇ ਨੁਕਸਾਨ ਦੇ ਰੋਸ ਅਤੇ ਇਨ੍ਹਾਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣ ਦੀ ਮੰਗ ਲਈ ਸਥਾਨਕ ਨਵੀਂ ਅਨਾਜ ਮੰਡ ਵਾਲੇ ਮੋੜ ਨੇੜੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੋਗੀ, ਸੁਰਿੰਦਰ ਸਿੰਘ, ਨਰੇਸ਼ ਕੁਮਾਰ, ਬਸਤੀ ਰਾਮ, ਬਲਵੀਰ ਸਿੰਘ, ਜੱਸੀ ਆਦਿ ਨੇ ਕਿਹਾ ਕਿ ਜੁਗਾੜੂ ਮੋਟਰਸਾਈਕਲ ਰੇਹੜੀਆਂ ਕਰਕੇ ਛੋਟਾ ਹਾਥੀ ਅਪਰੇਟਰਾਂ ਅਤੇ ਚਾਰਪਹੀਆ ਵਾਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਟੈਕਸ ਦਿੰਦੇ ਹਨ, ਪਰ ਇਨ੍ਹਾਂ ਜੁਗਾੜੂ ਰੇਹੜੀਆਂ ’ਤੇ ਕੋਈ ਟੈਕਸ ਨਹੀਂ ਲੱਗਦਾ। ਇਸ ਕਾਰਨ ਲੋਕਾਂ ਨੂੰ ਜੁਗਾੜੂ ਰੇਹੜੀਆਂ ਰਾਹੀਂ ਢੋਆ-ਢੁਆਈ ਕਰਵਾਉਣਾ ਕਾਫੀ ਸਸਤਾ ਪੈਂਦਾ ਹੈ ਅਤੇ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਵਾਹਨਾਂ ਦੇ ਟੈਕਸ ਲੈਣੇ ਸਰਕਾਰ ਬੰਦ ਕਰ ਦੇਵੇ, ਜਾਂ ਫੇਰ ਇਨ੍ਹਾਂ ਜੁਗਾੜੂ ਰੇਹੜੀਆਂ ਤੋਂ ਵੀ ਟੈਕਸ ਵਸੂਲਿਆ ਜਾਵੇ। ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਪ੍ਰਦਰਸ਼ਨਾਕਾਰੀਆਂ ਦੀ ਸਥਾਨਕ ਐੱਸ.ਡੀ.ਐੱਮ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।