ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਫਰਵਰੀ
ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਰਜ਼ੀਆ ਸੁਲਤਾਨਾ ਨੇ ਇਥੇ ਉਸਮਾਨ ਬਸਤੀ ’ਚ ਨੁੱਕੜ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਕਰੋਨਾ ਕਾਲ ਦੌਰਾਨ ਦਿੱਲੀ ਦੇ ਹਸਪਤਾਲਾਂ ’ਚ ਕਰੋਨਾ ਪੀੜਤਾਂ ਨੂੰ ਬੈੱਡ ਤੇ ਆਕਸੀਜ਼ਨ ਨਾ ਮਿਲਣ ਕਾਰਨ ਜੋ ਮੌਤ ਦਾ ਤਾਂਡਵ ਨਾਚ ਦਿੱਲੀ ’ਚ ਹੋਇਆ ਉਹ ਦੁਨੀਆਂ ਭਰ ਦੇ ਲੋਕਾਂ ਨੇ ਦੇਖਿਆ ਹੈ। ਦਿੱਲੀ ’ਚ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਹਾਲਤ ਬਹੁਤ ਮਾੜੀ ਹੈ। ਮੈਡਮ ਰਜ਼ੀਆ ਸੁਲਤਾਨਾ ਨੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੂੰ ਦੋ ਬਲਦਾਂ ਦੀ ਜੋੜੀ ਆਖਦਿਆਂ ਕਿਹਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਵੇਗਾ ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਲਾਗੂ ਕਰਕੇ ਪੰਜਾਬ ਦੀ ਨੁਹਾਰ ਬਦਲੇਗਾ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਮਾਲੇਰਕੋਟਲਾ ’ਚ ਫ਼ਿਰਕੂ ਤਾਕਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਪਿੱਠ ’ਤੇ ਆ ਗਈਆਂ ਹਨ। ਜਨਾਬ ਮੁਹੰਮਦ ਮੁਸਤਫਾ ਨੇ ਕਿਹਾ ਕਿ ਭਾਜਪਾ ਨੇ ਕਿਸਾਨ ਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਜੋ ਦੇਸ਼ ਦੇ ਕਿਸਾਨਾਂ ਨੇ ਸੰਘਰਸ਼ ਕਰਕੇ ਰੱਦ ਕਰਵਾਏ। ਪੰਜਾਬ ਸਰਕਾਰ ਨੇ ਸੂਬੇ ’ਚ ਐਨਸੀਆਰ ਤੇ ਸੀਏਏ ਲਾਗੂ ਨਾ ਕਰਨ ਦਾ ਫ਼ੈਸਲਾ ਕੀਤਾ। ਹੁਣ ਫਿਰਕੂ ਧਿਰਾਂ ਦੇਸ਼ ’ਚ ਖਾਣ ਤੇ ਪਹਿਨਣ ਦੀ ਆਜ਼ਾਦੀ ’ਤੇ ਹਮਲੇ ਕਰ ਰਹੀਆਂ ਹਨ। ਮੁਹੰਮਦ ਮੁਸਤਫਾ ਨੇ ਰਜ਼ੀਆ ਸੁਲਤਾਨਾ ਵੱਲੋਂ ਬਤੌਰ ਹਲਕਾ ਵਿਧਾਇਕਾ ਹਲਕੇ ’ਚ ਲਿਆਂਦੇ ਪ੍ਰਾਜੈਕਟਾਂ ਤੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ।