ਸਰਬਜੀਤ ਸਿੰਘ ਭੰਗੂ
ਸਨੌਰ, 7 ਅਪਰੈਲ
ਕੁੱਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਪ੍ਰੋ. ਸਰਮਿੰਦਰ ਸਿੰਘ ਸੀਰਾ ਦੀ ਅਗਵਾਈ ਹੇਠ ਅੱਜ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਈ ਕਾਂਗਰਸੀ ਅਤੇ ਅਕਾਲੀ ਵਰਕਰ ‘ਆਪ ’ਚ ਸ਼ਾਮਲ ਹੋ ਗਏ। ਸਮਾਗਮ ’ਚ ਵਿਧਾਨ ਸਭਾ ’ਚ ਵਿਰੋਧੀ ਧਿਰ ‘ਆਪ’ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋ. ਸੀਰਾ ਅਨੁਸਾਰ ‘ਆਪ’ ’ਚ ਸ਼ਾਮਲ ਹੋਣ ਵਾਲ਼ਿਆਂ ਵਿੱਚ ਯੂਥ ਕਾਂਗਰਸ ਕਾਰਕੁਨ ਦਰਸ਼ਨ ਸਿੰਘ, ਮਲਕੀਤ ਸਿੰਘ ਗਾਜੇਵਾਸੀਆ, ਕੁਲਬੀਰ ਸਿੰਘ ਗਾਜੇਵਾਸੀਆ ਸਮੇਤ ਅਕਾਲੀ ਕਾਰਕੁਨ ਇੰਦਰਜੀਤ ਸਿੰਘ ਬੱਗਾ ਸਰਪੰਚ ਫਤਿਹਮਾਜਰੀ ਜਗਤਾਰ ਸਿੰਘ ਅਤੇ ਨਿਰਭੈਅ ਸਿੰਘ ਚੂਹੜਪੁਰ ਆਦਿ ਦੇ ਨਾਮ ਸ਼ਾਮਲ ਹਨ। ਇਸੇ ਮੌਕੇ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਨੇ ਖੋਖਲਾ ਕਰ ਦਿੱਤਾ ਹੈ ਜਿਸ ਕਰਕੇ ਅੱਜ ਪੰਜਾਬ ਨੂੰ ‘ਆਪ’ ਵਰਗੀ ਲੋਕ ਤੇ ਪੰਜਾਬ ਦਰਦੀ ਪਾਰਟੀ ਦੀ ਲੋੜ ਹੈ, ਤਾਂ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੁੱਕਣ ਸਮੇਤ ਪੰਜਾਬ ਨੂੰ ਕਾਂਗਰਸ ਅਤੇ ਅਕਾਲੀ ਦਲ ਦੀ ਗੁਲਾਮੀ ਤੋਂ ਮੁਕਤ ਕਰਵਾਇਆ ਜਾ ਸਕੇ। ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਮਾਡਲ ’’ਤੇ ਬਾਕੀ ਰਾਜਾਂ ਤੋਂ ਸਸਤੀ ਅਤੇ ਨਿਰਵਿਘਨੀ ਬਿਜਲੀ ਸਪਲਾਈ ਮਿਲੇਗਾ। ਉਨ੍ਹਾਂ ਹੋਰ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਅੰਦਰਖਾਤੇ ਕੇਂਦਰ ਨਾਲ ਮਿਲੇ ਹੋਏ ਹਨ। ਅਕਾਲੀਆਂ ਨੇ ਖੇਤੀ ਸੁਧਾਰ ਕਾਨੂੰਨਾਂ ਨੂੰ ਸਹਿਮਤੀ ਦਿੱਤੀ ਅਤੇ ਕਾਂਗਰਸ ਨੇ ਚੁੱਪ ਰਹਿ ਕੇ ਸਮਰਥਨ ਕੀਤਾ।ਇਸ ਮੌਕੇ ਸੁਖਵਿੰਦਰ ਸੁੱਖੀ, ਤੇਜਿੰਦਰ ਮਹਿਤਾ, ਸੁਰਿੰਦਰ ਕਟੋਚ ਅਤੇ ਕਾਕਾ ਜਸਦੀਪ ਨਿੱਕੂ ਆਦਿ ’ਆਪ’ ਆਗੂ ਵੀ ਮੌਜੂਦ ਸਨ।