ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਅਗਸਤ
ਲੋਕਾਂ ਨੂੰ ਦੁੱਧ ਪ੍ਰਤੀ ਜਾਗਰੂਕ ਕਰਨ ਅਤੇ ਦੁੱਧ ’ਚ ਮਿਲਾਵਟ ਰੋਕਣ ਦੇ ਮੰਤਵ ਨਾਲ ਫੂਡ ਸੇਫ਼ਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਹੁਕਮਾਂ ’ਤੇ ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ ਸੋਢੀ ਅਤੇ ਫੂਡ ਸੇਫਟੀ ਅਫ਼ਸਰ ਗੌਰਵ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦੁੱਧ ਦੀਆਂ ਡੇਅਰੀਆਂ ਉਪਰ ਅਚਾਨਕ ਛਾਪੇ ਮਾਰਦਿਆਂ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੋਂ ਪੰਜ ਸੈਂਪਲ ਭਰੇ ਗਏ।
ਸਹਾਇਕ ਕਮਿਸ਼ਨਰ ਫੂਡ ਸ੍ਰੀ ਸੋਢੀ ਨੇ ਦੱਸਿਆ ਕਿ ਕਮਿਸ਼ਨਰ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਡਾ. ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਦੂਸਰੇ ਦਿਨ ਵੀ ਸ਼ਹਿਰ ਵਿੱਚ ਦੁੱਧ ਦੀਆਂ ਡੇਅਰੀਆਂ ਦੀ ਅਚਾਨਕ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ਕਰਨ ਵਾਲੀਆਂ ਥਾਵਾਂ ਅਤੇ ਦੁੱਧ ਦੀਆਂ ਡੇਅਰੀਆਂ ਦੀ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਘੇ ਕੱਲ੍ਹ ਵੀ ਵੱਖ-ਵੱਖ ਥਾਵਾਂ ’ਤੇ ਚੈਕਿੰਗ ਦੌਰਾਨ ਪੰਜ ਸੈਂਪਲ ਭਰੇ ਗਏ ਸਨ ਅਤੇ ਅੱਜ ਵੀ ਚੈਕਿੰਗ ਦੌਰਾਨ ਪੰਜ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਭਰੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਜਾਂਚ ਦੌਰਾਨ ਜੇਕਰ ਕੋਈ ਹਾਨੀਕਾਰਕ ਤੱਤ ਮਿਲਦਾ ਹੈ ਤਾਂ ਦੁਕਾਨਦਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।