ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਅਕਤੂਬਰ
ਸਕੂਲੀ ਬੱਸਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਤੂਰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਟਰੈਫਿਕ ਪੁਲੀਸ ਦੇ ਸਹਿਯੋਗ ਨਾਲ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।
ਨਵਨੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਸਕੂਲੀ ਬੱਸਾਂ ਵਿੱਚ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਸਕੂਲੀ ਬੱਸਾਂ ਵਿੱਚ ਸੁਰੱਖਿਆ ਮਾਪਦੰਡ ਪੂਰੇ ਨਾ ਹੋਣ ਕਾਰਨ ਚਲਾਣ ਕੀਤੇ ਗਏ ਹਨ। ਸੁਰੱਖਿਆ ਮਾਪਦੰਡਾਂ ਅਨੁਸਾਰ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ, ਸਪੀਡ ਗਵਰਨਰ, ਬੱਸਾਂ ਵਿੱਚ ਜੀਪੀਐਸ ਸਿਸਟਮ, ਸਟਾਫ ਸਿਗਨਲ ਅਲਾਰਮ, ਚਾਲਕ ਕੋਲ ਬੱਚਿਆ ਦੇ ਨਾਂ-ਪਤੇ ਅਤੇ ਉਨ੍ਹਾਂ ਦੇ ਮਾਪਿਆਂ ਦੀ ਫੋਨ ਸੂਚੀ ਹੋਣਾ, ਪੀਣ ਵਾਲੇ ਪਾਣੀ ਦਾ ਵੇਰਵਾ ਪ੍ਰਬੰਧ ਆਦਿ ਸਣੇ ਬਾਕੀ ਹੋਰ ਨਿਰਧਾਰਿਤ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ। ਇਸ ਦੌਰਾਨ ਟ੍ਰੈਫਿਕ ਇੰਚਾਰਜ ਏਐੱਸਆਈ ਪਵਨ ਕੁਮਾਰ, ਅਵਤਾਰ ਸਿੰਘ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਮੈਂਬਰ ਹਰਜੀਤ ਕੌਰ ਤੇ ਨਿਰਮਲ ਕੌਰ ਮੌਜੂਦ ਸਨ।