ਬੀਰਬਲ ਰਿਸ਼ੀ
ਸ਼ੇਰਪੁਰ, 16 ਮਾਰਚ
ਮੁਲਾਜ਼ਮਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਦੇ ਦਫ਼ਤਰ ਆਉਂਦੇ ਆਮ ਲੋਕਾਂ ਦੇ ਕੰਮ ਨਾ ਹੋਣ, ਪੰਚਾਇਤਾਂ ਨੂੰ ਖਰਚੀਆਂ ਗਰਾਂਟਾਂ ਦੇ ‘ਵਰਤੋਂ ਸਰਟੀਫਿਕੇਟ’ ਸਮੇਂ ਸਿਰ ਜਾਰੀ ਨਾ ਹੋਣ ਅਤੇ ਮਗਨਰੇਗਾ ਦੇ ਕੰਮਾਂ ਸਣੇ ਕਈ ਤਰ੍ਹਾਂ ਦੀਆਂ ਦਰਪੇਸ਼ ਸਮੱਸਿਆਵਾਂ ਨੇ ਪਿੰਡਾਂ ਦੇ ਲੋਕਾਂ ਦੀ ਬੱਸ ਕਰਵਾਈ ਹੋਈ ਹੈ। ਉਂਜ ਹੁਣ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਵਜੋਂ ਹਲਫ਼ ਲਏ ਜਾਣ ਮਗਰੋਂ ਉਨ੍ਹਾਂ ਦੇ ਹਲਕਾ ਧੂਰੀ ਦੇ ਡੇਢ ਦਰਜਨ ਪਿੰਡਾਂ ਦੇ ਬਲਾਕ ਸ਼ੇਰਪੁਰ ਦੇ ਦਫ਼ਤਰ ਵਿਚ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਆਸਾਮੀਆਂ ਭਰਨ ਦੀ ਆਸ ਬੱਝੀ ਹੈ।
ਸੰਨ 1995 ਵਿੱਚ ਬਲਾਕ ਸ਼ੇਰਪੁਰ ਹੋਂਦ ਵਿੱਚ ਆਇਆ ਸੀ ਅਤੇ ਉਸੇ ਸਮੇਂ ਤੋਂ ਬੀਡੀਪੀਓ ਦਫ਼ਤਰ ਵਿੱਚ ਖਾਸ਼ ਅਹਿਮੀਅਤ ਰੱਖਦੀ ਸਟੈਨੋ ਟਾਈਪਿਸਟ ਅਤੇ ਲੇਖਾਕਾਰ ਦੀ ਆਸਾਮੀ ਨੂੰ 25 ਸਾਲਾਂ ਬਾਅਦ ਵੀ ਮਨਜ਼ੂਰੀ ਨਹੀਂ ਮਿਲੀ ਹੈ। 37 ਪਿੰਡਾਂ ਦੀਆਂ ਪੰਚਾਇਤਾਂ ਦੇ ਰੌਲੇ-ਰੱਪੇ ਨਬਿੇੜਨ, ਜਾਂਚ ਕਰਨ, ਸ਼ਿਕਾਇਤਾਂ ਦੇ ਨਿਪਟਾਰੇ ਆਦਿ ਕੰਮ ਕਰਨ ਵਾਲੇ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ (ਐੱਸਈਪੀਓ) ਦੀ ਆਸਾਮੀ ਵੀ ਲੰਬੇ ਅਰਸੇ ਤੋਂ ਖਾਲੀ ਪਈ ਹੈ। ਪੰਚਾਇਤ ਸਕੱਤਰਾਂ ਦੀਆਂ ਅੱਠ ਆਸਾਮੀਆਂ ਵਿੱਚੋਂ ਤਿੰਨ ਖਾਲੀ ਪਈਆਂ ਹਨ ਜਦੋਂ ਕਿ ਇੱਕ ਪੰਚਾਇਤ ਅਫ਼ਸਰ ਲਗਾਤਾਰ ਛੁੱਟੀ ’ਤੇ ਚੱਲ ਰਿਹਾ ਹੈ। ਪੰਚਾਇਤਾਂ ਵੱਲੋਂ ਕੀਤੇ ਕੰਮਾਂ ਦੀਆਂ ਮਿਣਤੀਆਂ ਕਰ ਕੇ ਉਨ੍ਹਾਂ ਨੂੰ ‘ਵਰਤੋਂ ਸਰਟੀਫਿਕੇਟ’ ਜਾਰੀ ਕਰਨ ਦੇ ਕੰਮ ਲਈ ਮਹਿਜ਼ ਇੱਕ ਜੂਨੀਅਰ ਇੰਜਨੀਅਰ ਨਾਲ ਕੰਮ ਰੱਬ ਆਸਰੇ ਚੱਲ ਰਿਹਾ ਹੈ। ‘ਵਰਤੋਂ ਸਰਟੀਫਿਕੇਟ’ ਸਮੇਂ ਸਿਰ ਨਾ ਮਿਲਣ ਕਾਰਨ ਸਰਪੰਚਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖਰੇ ਵਿੰਗ ਮਗਨਰੇਗਾ ਨਾਲ ਸਬੰਧਤ ਜੇਈ ਦੀ ਬਦਲੀ ਮਗਰੋਂ ਕਈ ਅਹਿਮ ਕੰਮ ਬਹੁਤ ਮੁਸ਼ਕਿਲ ਨਾਲ ਚਲਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਅਤੇ ਗੁਰਦੀਪ ਸਿੰਘ ਅਲੀਪੁਰ ਨੇ ਦੱਸਿਆ ਕਿ ਦੋ-ਢਾਈ ਸਾਲਾਂ ਤੋਂ ਮਗਨਰੇਗਾ ਪਾਰਕ, ਗਲੀਆਂ-ਨਾਲੀਆਂ, ਵਾਲੀਬਾਲ ਮੈਦਾਨ, ਭੱਠਿਆਂ ਦੀਆਂ ਇੱਟਾਂ ਅਤੇ ਖੇਡ ਟਰੈਕ ਵਗੇਰ੍ਹਾ ਦੀਆਂ ਬਕਾਇਆ ਅਦਾਇਗੀਆਂ ਨਹੀਂ ਹੋਈਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਸਬੰਧੀ ਬਲਾਕ ਪੰਚਾਇਤ ਯੂਨੀਅਨ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇਗੀ।
ਕੀ ਕਹਿੰਦੇ ਨੇ ਅਧਿਕਾਰੀ
ਏਡੀਸੀ ਅਰੁਨ ਸ਼ਰਮਾ ਨੇ ਕਿਹਾ ਕਿ ਸਰਕਾਰ ਹਾਲੇ ਨਵੀਂ ਬਣੀ ਹੈ। ਇਹ ਆਸਾਮੀਆਂ ਛੇਤੀ ਹੀ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਗਨਰੇਗਾ ਅਧੀਨ ਪੰਚਾਇਤਾਂ ਦੀਆਂ ਦੋ-ਢਾਈ ਸਾਲਾਂ ਤੋਂ ਬਕਾਇਆ ਅਦਾਇਗੀਆਂ ਨਾ ਹੋਣ ਦਾ ਮੁੱਖ ਕਾਰਨ ਦਿੱਲੀ ਤੋਂ ਗਰਾਂਟ ਨਾ ਆਉਣਾ ਹੈ।