ਪੱਤਰ ਪ੍ਰੇਰਕ
ਸੰਗਰੂਰ, 27 ਦਸੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਬਾਲ ਕਵੀ ਦਰਬਾਰ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਹੋਏ ਇਸ ਬਾਲ ਕਵੀ ਦਰਬਾਰ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਸੁਰਿੰਦਰਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਨਾਗਰੀ, ਨਰਿੰਦਰ ਸਿੰਘ, ਸੁਰਿੰਰਪਾਲ ਕੌਰ, ਰਣਜੀਤ ਸਿੰਘ ਅਤੇ ਅਜਮੇਰ ਸਿੰਘ ਫ਼ਤਿਹਗੜ੍ਹ ਛੰਨਾ ਦੇ ਬਾਖ਼ੂਬੀ ਸਟੇਟ ਸੰਚਾਲਨ ਅਧੀਨ ਪ੍ਰਾਇਮਰੀ ਗਰੁੱਪ ਦੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤ ਦਾ ਮਨ ਮੋਹ ਲਿਆ। ਮਿਡਲ ਤੇ ਸੀਨੀਅਰ ਸੈਕੰਡਰੀ ਗਰੁੱਪਾਂ ਦੇ ਵਿਦਿਆਰਥੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਸੰਗਤ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਪ੍ਰਾਇਮਰੀ ਗਰੁੱਪ ’ਚੋਂ ਅਮਨਜੀਤ ਸਿੰਘ, ਗੁਰਲੀਨ ਕੌਰ, ਪ੍ਰਭਪ੍ਰੀਤ ਸਿੰਘ, ਅਮਿਤੋਜ ਸਿੰਘ, ਮੰਨਤ ਕੌਰ ਅੱਵਲ ਰਹੇ। ਇਸੇ ਤਰ੍ਹਾਂ ਮਿਡਲ ਗਰੁੱਪ ’ਚੋਂ ਦਿਵਜੋਤ ਕੌਰ, ਜਗਸੀਰ ਸਿੰਘ, ਹਰਮਨਪ੍ਰੀਤ ਕੌਰ ਅਤੇ ਸਿਮਰਤੀ ਅਕਾਲ ਅਕੈਡਮੀ ਬੇਨੜਾ ਨੇ ਪਹਿਲੇ ਤਿੰਨ ਸਥਾਨ ਅਤੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ। ਸੀਨੀਅਰ ਗਰੁੱਪ ’ਚੋਂ ਪਲਕਨੂਰ ਸਿੰਘ, ਪ੍ਰਭਜੋਤ ਸਿੰਘ, ਐਸ਼ਵੀਨ ਕੌਰ, ਗਗਨਦੀਪ ਕੌਰ ਅਤੇ ਸਾਹਿਬਵੀਰ ਸਿੰਘ ਪਹਿਲੇ ਸਥਾਨਾਂ ’ਤੇ ਰਹੇ।
ਸ਼ਹੀਦੀ ਸਭਾ ਨੂੰ ਸਮਰਪਿਤ ਲੰਗਰ ਲਾਏ
ਘਨੌਰ (ਪੱਤਰ ਪ੍ਰੇਰਕ): ਚਾਰ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਦੀ ਤਿੰਨ ਰੋਜ਼ਾ ਸ਼ਹੀਦੀ ਸਭਾ ਦੌਰਾਨ ਰਾਜਪੁਰਾ-ਅੰਬਾਲਾ ਜੀਟੀ ਰੋਡ ’ਤੇ ਪਿੰਡ ਸ਼ੰਭੂ ਬੱਸ ਅੱਡਾ, ਘੱਗਰ ਸਰਾਏ, ਚਮਾਰੂ, ਮਦਨਪੁਰ ਚਲਹੇੜੀ, ਸ਼ਹਿਰੀ ਖੇਤਰ ’ਚੋਂ ਗਗਨ ਚੌਕ, ਡਾਲੀਮਾਂ ਵਿਹਾਰ, ਕਾਲਕਾਂ ਰੋਡ, ਸ਼ੰਭੂ-ਬਹਾਦਰਗੜ੍ਹ ਵਾਇਆ ਘਨੌਰ ਰੋਡ ’ਤੇ ਪਿੰਡ ਮਰਦਾਂਪੁਰ, ਪਿੱਪਲ ਮੰਗੌਲੀ, ਸ਼ੇਖੂਪੁਰ, ਅਲਾਮਦੀਪੁਰ, ਖਾਨਪੁਰ ਬੜਿੰਗ, ਹਰਪਾਲਪੁਰ ਅਤੇ ਕਸਬਾ ਘਨੌਰ ਸਮੇਤ ਅਨੇਕਾਂ ਥਾਵਾਂ ’ਤੇ ਲੰਗਰ ਲਗਾਏ ਗਏ। ਪਿੰਡ ਖਾਨਪੁਰ ਬੜਿੰਗ ਵਿੱਚ ਸੂਬੇਦਾਰ ਕਿਰਪਾਲ ਸਿੰਘ ਨੇ ਸੇਵਾਦਾਰਾਂ ਦਾ ਸਨਮਾਨ ਕੀਤਾ।
ਪਟਿਆਲਾ (ਪੱਤਰ ਪ੍ਰੇਰਕ): ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਤ੍ਰਿਪੜੀ ਪਟਿਆਲਾ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਾਏ ਗਏ ਲੰਗਰ ਮੌਕੇ ਸੇਵਾ ਕੀਤੀ। ਇਸ ਮੌਕੇ ਬਿੱਟੂ ਚੱਠਾ ਨੇ ਅਮਿਤ ਸਿੰਘ ਰਾਠੀ, ਈਸਟ ਪਾਲ ਸਿੰਘ, ਮਨਿੰਦਰ ਸਿੰਘ, ਜੋਤ ਕੰਵਲ, ਜਿੰਮੀ, ਮਨਿੰਦਰ ਚੀਮਾ, ਦਮਨ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ।
ਡਕਾਲਾ (ਪੱਤਰ ਪ੍ਰੇਰਕ): ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਲਾਕੇ ’ਚ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਲੰਗਰ ਅੱਜ ਤੀਜੇ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰਾਗੀ ਤੇ ਢਾਡੀ ਸਿੰਘਾਂ ਨੇ ਸੰਗਤ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂੰ ਕਰਵਾਇਆ।
ਧੂਰੀ (ਖੇਤਰ ਪ੍ਰਤੀਨਿਧ): ਜੀਟੀਬੀ ਨਗਰ ਨੇੜੇ ਕਕੜਵਾਲ ਚੌਕ ਧੂਰੀ ਮਾਰਕੀਟ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਾਇਆ ਗਿਆ ਅਤੇ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਵੰਡੇ। ਇਸ ਦੌਰਾਨ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਲੰਗਰ ਦੀ ਸੇਵਾ ਕੀਤੀ।