ਪੱਤਰ ਪ੍ਰੇਰਕ
ਲਹਿਰਾਗਾਗਾ, 31 ਅਕਤੂਬਰ
ਇਥੇ ਲਹਿਰਾਗਾਗਾ ਸ਼ਹਿਰ ਵਿੱਚ ਸੀਵਰੇਜ ਪਈ ਨੂੰ ਦਹਾਕਾ ਹੋ ਚੁੱਕਾ ਹੈ ਪ੍ਰੰਤੂ ਸੀਵਰੇਜ ਇੱਕ ਚਿੱਟਾ ਹਾਥੀ ਹੀ ਸਾਬਤ ਹੋ ਰਿਹਾ ਸੀ। ਕਿਉਂਕਿ ਇਸ ਸੀਵਰੇਜ ਦੀ ਸਫ਼ਾਈ ਵੀ ਅਜੇ ਤੱਕ ਨਹੀਂ ਹੋਈ ਸੀ। ‘ਆਪ’ ਦੇ ਸੀਨੀਅਰ ਆਗੂ ਦੀਪਕ ਜੈਨ ਨੇ ਦੱਸਿਆ ਕਿ ਹੁਣ ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਵੱਡੀ ਮਸ਼ੀਨ ਪਹੁੰਚ ਚੁੱਕੀ ਹੈ ਜਿਸ ਨੇ ਸ਼ਹਿਰ ਵਿਚਲੀਆਂ ਸੀਵਰੇਜ ਪਾਈਪਾਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸਫ਼ਾਈ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿੱਥੇ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ, ਉੱਥੇ ਹੀ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਮਿਲਾਵਟ ਬਾਰੇ ਵੀ ਸ਼ਿਕਾਇਤ ਦੂਰ ਹੋ ਜਾਵੇਗੀ। ਕਿਉਂਕਿ ਸੀਵਰੇਜ ਪਾਈਪਾਂ ਰੁਕ ਜਾਣ ਕਾਰਨ ਪਾਣੀ ਓਵਰਫਲੋਅ ਹੋ ਕੇ ਲੀਕ ਟੂਟੀਆਂ ਦੇ ਕੁਨੈਕਸ਼ਨਾਂ ਰਾਹੀਂ ਘਰਾਂ ਵਿੱਚ ਚਲਿਆ ਜਾਂਦਾ ਸੀ। ਹੁਣ ਵੱਡੀ ਮਸ਼ੀਨ ਨਾਲ ਸਫ਼ਾਈ ਹੋਣ ਉਪਰੰਤ ਸੀਵਰੇਜ ਦਾ ਪਾਣੀ ਜਲਦੀ ਹੀ ਨਿਕਾਸੀ ਰਾਹੀਂ ਨਾਲਿਆਂ ਵਿੱਚ ਚਲਿਆ ਜਾਇਆ ਕਰੇਗਾ। ਸੈਨੇਟਰੀ ਇੰਪੈਕਟਰ ਨੇ ਅਪੀਲ ਕੀਤੀ ਕਿ ਸੀਵਰੇਜ ’ਚ ਗੋਹਾਂ, ਪਲਾਸਟਿਕ ਆਦਿ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ ਜਿਸ ਨਾਲ ਅੰਦਰ ਸਫਾਈ ਦੀ ਥਾਂ ਗੰਦ ਜਮ੍ਹਾਂ ਹੋ ਜਾਂਦਾ ਹੈ। ਹੁਣ ਅਧੁਨਿਕ ਮਸ਼ੀਨ ਨਾਲ ਸਾਰੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਕਰਨ ਦੇ ਪੱਕੇ ਪ੍ਰਬੰਧ ਕੀਤੇ ਹਨ।