ਸੰਗਰੂਰ: ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਵੋਟਰਾਂ ਅਤੇ ਸਿਆਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਸਹੂਲਤ ਲਈ ਬਣਾਏ ਆਨਲਾਈਨ ਪੋਰਟਲਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਇਨ੍ਹਾਂ ਪੋਰਟਲਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਵਿੱਚ ਸ਼ਿਕਾਇਤਾਂ ਲਈ ਸੀ-ਵਿਜਲ, ਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ, ਦਿਵਿਆਂਗਾਂ ਲਈ ਪੀਡਬਲਯੂਡੀ ਐਪ, ਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲ, ਵੋਟਰ ਹੈਲਪਲਾਈਨ ਐਪ, ਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ ਸ਼ਾਮਿਲ ਹਨ। ਸੀ-ਵਿਜਲ ਐਪ ਆਮ ਲੋਕਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਈਲ ’ਤੇ ਡਾਊਨਲੋਡ ਕਰ ਕੇ ਕੋਈ ਵੀ ਵਿਅਕਤੀ ਕਿਸੇ ਵੀ ਥਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡੀਓ ਅਪਲੋਡ ਕਰ ਸਕਦਾ ਹੈ, ਜਿਸ ’ਤੇ 100 ਮਿੰਟ ’ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। -ਨਿੱਜੀ ਪੱਤਰ ਪ੍ਰੇਰਕ