ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਜੁਲਾਈ
ਭਾਰਤ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਖਿਲਾਫ਼ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੀ ਗਈ ਵਿਵਾਦਤ ਟਿੱਪਣੀ ਖਿਲਾਫ਼ ਭਾਜਪਾ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਵਰਕਰ ਨੇ ਮੰਗ ਕੀਤੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਧੀਰ ਰੰਜਨ ਚੌਧਰੀ ਦੀ ਇਸ ਵਿਵਾਦਿਤ ਟਿੱਪਣੀ ’ਤੇ ਲਿਖਤੀ ਮੁਆਫ਼ੀ ਮੰਗਣ ਅਤੇ ਅਧੀਰ ਰੰਜਨ ਨੂੰ ਪਾਰਟੀ ’ਚੋਂ ਬਰਖਾਸਤ ਕੀਤਾ ਜਾਵੇ।
ਪੰਜਾਬ ਭਾਜਪਾ ਦੇ ਸੱਦੇ ’ਤੇ ਭਾਜਪਾ ਵਰਕਰ ਸੂਬਾ ਕੋਆਰਡੀਨੇਟਰ ਭਾਜਪਾ ਸੈੱਲ ਪੰਜਾਬ ਜਤਿੰਦਰ ਕਾਲੜਾ ਦੀ ਅਗਵਾਈ ਹੇਠ ਸਥਾਨਕ ਵੱਡੇ ਚੌਂਕ ਵਿਚ ਇਕੱਠੇ ਹੋਏ ਤੇ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦਾ ਪੁਤਲਾ ਫ਼ੂਕਿਆ। ਆਗੂਆਂ ਨੇ ਕਾਂਗਰਸੀ ਸੰਸਦ ਮੈਂਬਰ ਵੱਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਸਮੇਤ ਸਾਰੇ ਕਾਂਗਰਸੀ ਆਗੂ ਨੂੰ ਆਦਿਵਾਸੀ ਔਰਤ ਦਾ ਭਾਰਤ ਦਾ ਰਾਸ਼ਟਰਪਤੀ ਬਣਨਾ ਹਜ਼ਮ ਨਹੀਂ ਹੋ ਰਿਹਾ। ਇੰਨਾ ਹੀ ਨਹੀਂ ਦੇਸ਼ ਦੇ ਹਰ ਸੂਬੇ ’ਚ ਮਿਲ ਰਹੀ ਹਾਰ ਤੋਂ ਵੀ ਕਾਂਗਰਸ ਬਹੁਤ ਪ੍ਰੇਸ਼ਾਨ ਹੈ। ਭਾਰਤ ਦੇ ਪਹਿਲੇ ਨਾਗਰਿਕ ਖਿਲਾਫ ਅਜਿਹੀ ਭੱਦੀ ਟਿੱਪਣੀ ਕਰਨ ਵਾਲੇ ਚੌਧਰੀ ਖਿਲਾਫ ਭਾਰਤੀ ਸੰਵਿਧਾਨ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਹਿਲਾ ਮੋਰਚਾ ਦੀ ਪ੍ਰਧਾਨ ਮੀਨਾ ਖੋਖਰ, ਭੈਣ ਲਕਸ਼ਮੀ ਦੇਵੀ ਤੇ ਹੋਰਨਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਅਧੀਰ ਰੰਜਨ ਚੌਧਰੀ ਨੂੰ ਤੁਰੰਤ ਪਾਰਟੀ ’ਚੋਂ ਕੱਢਿਆ ਜਾਵੇ।