ਬੀਰ ਇੰਦਰ ਸਿਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 11 ਜੁਲਾਈ
ਸ਼ਹੀਦ ਊਧਮ ਸਿੰਘ ਦੀ ਇਨਕਲਾਬੀ ਸੋਚ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਗਠਿਤ ਹੋਏ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦਾ ਪਲੇਠਾ ਇਜਲਾਸ ਸ਼ਹੀਦ ਊਧਮ ਨੂੰ ਸਮਰਪਿਤ ਨਾਅਰਿਆਂ ਨਾਲ ਸ਼ੁਰੂ ਹੋਇਆ ਅਤੇ ਸ਼ਹੀਦ ਦੀ ਇਨਕਲਾਬੀ ਸੋਚ ਨੂੰ ਸਮਾਜ ਵਿੱਚ ਪਹੁੰਚਾਉਣ ਦੇ ਅਹਿਦ ਨਾਲ ਸਮਾਪਤ ਹੋਇਆ।
ਇਸ ਮੌਕੇ ਦੇਸ਼ ਦੇ ਮੌਜੂਦਾ ਹਾਲਾਤ ’ਤੇ ਚਰਚਾ ਕਰਦਿਆਂ ਬਲਵੀਰ ਲੌਂਗੋਵਾਲ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਜ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਦੀ ਦੇਸ਼ ਲੰਘ ਰਿਹਾ ਹੈ, ਅਜਿਹੇ ਸਮੇਂ ’ਚ ਸ਼ਹੀਦ ਉਧਮ ਸਿੰਘ ਦੀ ਨਿਰਪੱਖ ਅਤੇ ਮਾਨਵਵਾਦੀ ਸੋਚ ਲਾਗੂ ਕਰਨ ਦੀ ਸਖਤ ਲੋੜ ਹੈ।
ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਤੱਥਾਂ ਸਹਿਤ ਪੇਸ਼ ਕੀਤਾ। ਮੰਚ ਤੋਂ ਸ਼ਹੀਦ ਦੀ ਇਨਕਲਾਬੀ ਸੋਚ ਨੂੰ ਸਮਾਜ ਵਿੱਚ ਪਹੁੰਚਾਉਣ ਦਾ ਅਹਿਦ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਬਣੀ ਨੂੰ ਕਰੀਬ ਇਕ ਸਾਲ ਹੋ ਗਿਆ ਹੈ ਪਰ ਹਾਲੇ ਤੱਕ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੀਆਂ ਵੱਖ ਵੱਖ ਥਾਂਵਾਂ ’ਤੇ ਪਈਆਂ ਚੀਜ਼ਾਂ ਨੂੰ ਇੱਥੇ ਬਣੇ ਮਿਊਜ਼ੀਅਮ ਵਿੱਚ ਨਹੀਂ ਟਿਕਾਇਆ ਗਿਆ।
ਇਸ ਮੌਕੇ ਪਿਛਲੇ ਸਾਲ ਦੌਰਾਨ ਕੀਤੀਆਂ ਸਰਗਰਮੀਆਂ ਅਤੇ ਵਿੱਤੀ ਰਿਪੋਰਟ ਪੇਸ਼ ਕੀਤੀ ਗਈ ਅਤੇ ਭਵਿੱਖ ਦੇ ਕੰਮ ਉਲੀਕੇ ਗਏ। ਮੰਚ ਦਾ ਵਿਸਥਾਰ ਕਰਦਿਆਂ 21 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਗਈ ਅਤੇ 10 ਇਨਵਾਇਟੀ ਮੈਂਬਰਾਂ ਦੀ ਚੋਣ ਕੀਤੀ ਗਈ।
ਕਮੇਟੀ ਵੱਲੋਂ ਰਾਕੇਸ਼ ਕੁਮਾਰ ਨੂੰ ਪ੍ਰਧਾਨ, ਵਿਸ਼ਵਕਾਂਤ ਨੂੰ ਸਕੱਤਰ, ਅਨਿਲ ਕੁਮਾਰ ਨੂੰ ਮੀਤ ਪ੍ਰਧਾਨ, ਗੁਰਮੇਲ ਸਿੰਘ ਨੂੰ ਸਹਾਇਕ ਸਕੱਤਰ ,ਦਾਤਾ ਸਿੰਘ ਨੂੰ ਪ੍ਰੈਸ ਸਕੱਤਰ,ਪਦਮ ਸ਼ਰਮਾ ਨੂੰ ਸਹਾਇਕ ਸਕੱਤਰ, ਹਰਿੰਦਰ ਬਾਬਾ ਨੂੰ ਮੀਤ ਪ੍ਰਧਾਨ ਅਤੇ ਸੰਜੀਵ ਕੁਮਾਰ ਨੂੰ ਸਰਬਸੰਮਤੀ ਨਾਲ ਖਜ਼ਾਨਚੀ ਚੁਣਿਆ ਗਿਆ।