ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਕਤੂਬਰ
ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਅੱਜ ਮੌਤ ਹੋ ਗਈ। ਇਸ ਤੋਂ ਰੋਹ ਵਿੱਚ ਆਏ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਭਾਰੀ ਹੰਗਾਮਾ ਕੀਤਾ ਗਿਆ। ਪਰਿਵਾਰ ਮੈਂਬਰ ਉਸ ਦੀ ਮੌਤ ਲਈ ਜ਼ਿੰਮੇਵਾਰ ਡਾਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਮ੍ਰਿਤਕ ਨੌਜਵਾਨ ਗੁਰਪ੍ਰੀਤ (29) ਧੂਰੀ ਨੇੜਲੇ ਪਿੰਡ ਕੱਕੜਵਾਲ ਦਾ ਵਸਨੀਕ ਸੀ ਜਿਸ ਦਾ ਵਿਆਹ ਕਰੀਬ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਉਸ ਨੂੰ ਬੀਤੀ ਰਾਤ ਸੜਕ ਹਾਦਸੇ ਤੋਂ ਬਾਅਦ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਉਸ ਦੀ ਮੌਤ ਹੋ ਗਈ।
ਸਥਾਨਕ ਸਿਵਲ ਹਸਪਤਾਲ ’ਚ ਗੁਰਪ੍ਰੀਤ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਾਹਰ ਲੰਘੇ ਦਿਨ ਉਸ ਦਾ ਪੁੱਤਰ ਮੋਟਰਸਾਈਕਲ ਸਮੇਤ ਖੜ੍ਹਾ ਸੀ। ਇਸੇ ਦੌਰਾਨ ਪਿੱਛੋ ਆਏ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਗੁਰਪ੍ਰੀਤ ਨੂੰ ਪਹਿਲਾਂ ਉਹ ਧੂਰੀ ਦੇ ਹਸਪਤਾਲ ਲੈ ਗਏ ਪਰ ਬਾਅਦ ’ਚ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ।
ਪਿਤਾ ਅਨੁਸਾਰ ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਠੀਕ ਹੈ। ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਇਸੇ ਦੌਰਾਨ ਗੁਰਪ੍ਰੀਤ ਦੇ ਭਰਾ ਸੁਖਚੈਨ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਦੇ ਐਕਸਰੇ ਕਰਵਾਏ ਗਏ ਪਰ ਰਾਤ ਭਰ ਕੋਈ ਡਾਕਟਰ ਦੇਖਣ ਵੀ ਨਹੀਂ ਆਇਆ। ਐਕਸਰੇ ਰਿਪੋਰਟ ਮੁਤਾਬਕ ਉਸ ਦੇ ਭਰਾ ਦੇ ਮੋਢੇ ’ਤੇ ਸੱਟ ਲੱਗੀ ਸੀ। ਅੱਜ ਸਵੇਰੇ ਉਹ ਸਿਟੀ ਸਕੈਨ ਕਰਾਉਣ ਲਈ ਇਧਰ-ਉਧਰ ਫਿਰਦੇ ਰਹੇ ਪਰ ਕੋਈ ਨਹੀਂ ਬਹੁੜਿਆ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਨੇ ਉਸ ਦੇ ਭਰਾ ਦੇ ਇਲਾਜ ’ਚ ਕਥਿਤ ਤੌਰ ’ਤੇ ਲਾਪ੍ਰਵਾਹੀ ਵਰਤੀ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਲਾਪ੍ਰਵਾਹੀ ਵਰਤਣ ਵਾਲੇ ਡਾਕਟਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤਾਂ ਪਰਿਵਾਰ ਸੰਘਰਸ਼ ਲਈ ਮਜ਼ਬੂਰ ਹੋਵੇਗਾ। ਗੁਰਪ੍ਰੀਤ ਦੇ ਪਰਿਵਾਰ ਨੇ ਉਸ ਦੀ ਮੌਤ ਬਾਰੇ ਥਾਣਾ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਹਾਦਸੇ ਸਬੰਧੀ ਪਰਚਾ ਦਰਜ: ਇਸੇ ਦੌਰਾਨ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਰਮਨਦੀਪ ਸਿੰਘ ਨੇ ਕਿਹਾ ਕਿ ਬੀਤੇ ਦਿਨ ਧੂਰੀ ਨਜ਼ਦੀਕ ਸੜਕ ਹਾਦਸੇ ’ਚ ਜ਼ਖ਼ਮੀ ਨੌਜ਼ਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ। ਪੁਲੀਸ ਨੇ ਹਾਦਸੇ ਸਬੰਧੀ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਦੇ ਆਧਾਰ ’ਤੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ: ਐੱਸਐੱਮਓ
ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਗੁਰਪ੍ਰੀਤ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਜੋ ਦੋਸ਼ ਲਗਾੲੋੇ ਜਾ ਰਹੇ ਹਨ, ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਪੋਸਟਮਾਰਟਮ ਦੌਰਾਨ ਇਲਾਜ ’ਚ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਤਾਂ ਜਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਖ਼ਿਲਾਫ਼ ਕਾਰਵਾਈ ਬਾਰੇ ਉਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਰਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।