ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 21 ਮਾਰਚ
ਪੰਜਾਬ ਪੰਚਾਇਤ ਯੂਨੀਅਨ ਬਲਾਕ ਸੁਨਾਮ ਦੇ ਸਰਪੰਚਾਂ ਦੀ ਇਥੇ ਮੀਟਿੰਗ ਹੋਈ ਜਿਸ ਵਿਚ ਵਾਟਰ ਸਪਲਾਈ ਲਈ ਲਾਈਆਂ ਮੋਟਰਾਂ ਦੇ ਬਿਜਲੀ ਦੇ ਪੁਰਾਣੇ ਬਿੱਲ ਨਵੀਆਂ ਪੰਚਾਇਤਾਂ ਤੋਂ ਮੰਗਣ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਸ਼ਿਵਦਰਸ਼ਨ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਚ ਹੋਈ ਮੀਟਿੰਗ ਵਿਚ ਮੌਜੂਦ ਸਰਪੰਚਾਂ ਨੇ ਕਿਹਾ ਕਿ ਪੰਚਾਇਤਾਂ ਨੂੰ ਜਾਰੀ ਗਰਾਂਟਾਂ ’ਚੋਂ ਇਹ ਬਿਲਾਂ ਦੀ ਅਦਾਇਗੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਪਰ ਪੰਚਾਇਤਾਂ ਵੱਲੋਂ ਇਹ ਬਿੱਲ ਨਾ ਭਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਰਪੰਚਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਸਰਪੰਚ ਕੋਈ ਸਖਤ ਫੈਸਲਾ ਲੈਣਗੇ। ਉਨ੍ਹਾਂ ਬਲਾਕ ਭਰ ਦੇ ਸਰਪੰਚਾਂ ਨੂੰ 25 ਮਾਰਚ ਨੂੰ ਸੰਗਰੂਰ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉੱਗਰ ਸਿੰਘ ਰਾਮਗੜ੍ਹ ਜਵੰਧੇ, ਸਤਵੀਰ ਸਿੰਘ ਬਿਗੜਵਾਲ, ਇੰਦਰਜੀਤ ਸਿੰਘ ਛਾਜਲਾ, ਅਮਨਦੀਪ ਸਿੰਘ ਛਾਜਲਾ, ਨਰਿੰਦਰ ਪਾਲ ਸਿੰਘ ਮਰਦਖੇੜਾ, ਰਾਮ ਸਿੰਘ ਉਗਰਾਹਾਂ, ਦਰਸ਼ਨ ਸਿੰਘ ਅਨਮੋਲ, ਪਰਗਟ ਸਿੰਘ ਸ਼ੇਰੋਂ, ਲਖਵਿੰਦਰ ਸਿੰਘ ਗੰਢੂਆਂ ਸ਼ਾਮਲ ਸਨ।