ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਨਵੰਬਰ
ਬਰਨਾਲਾ ਵਿਧਾਨ ਸਭਾ ਹਲਕੇ ਦੀ 20 ਨਵੰਬਰ ਨੂੰ ਹੋ ਰਹੀ ਜ਼ਿਮਨੀ ਚੋਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਤਾਦਾਦ ’ਚ ਸੰਗਰੂਰ ਜ਼ਿਲ੍ਹੇ ਦੇ ਅਧਿਆਪਕਾਂ ਦੀ ਡਿਊਟੀ ਲਗਾਉਣ ਦੇ ਫ਼ੈਸਲੇ ਦੀ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸਖਤ ਨਿਖੇਧੀ ਕੀਤੀ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਅਤੇ ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ ਨੇ ਕਿਹਾ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਹਨ। ਕੀ ਬਰਨਾਲਾ ਜ਼ਿਲ੍ਹੇ ਕੋਲ ਇੱਕ ਵਿਧਾਨ ਸਭਾ ਹਲਕੇ ਦੀ ਚੋਣ ਕਰਵਾਉਣ ਲਈ ਲੋੜੀਦਾਂ ਸਟਾਫ ਉਪਲਬਧ ਨਹੀਂ ਹੈ ਜਾਂ ਜਾਣ ਬੁੱਝ ਕੇ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁੱਚ ਮੁੱਚ ਹੀ ਬਰਨਾਲਾ ਵਿਧਾਨ ਸਭਾ ਹਲਕੇ ਲਈ ਸੰਗਰੂਰ ਜਿਲ੍ਹੇ ਵਿੱਚੋਂ ਸਟਾਫ ਦੀ ਲੋੜ ਸੀ ਤਾਂ ਸੰਗਰੂਰ ਜਿਲ੍ਹੇ ਦੇ ਬਰਨਾਲਾ ਜਿਲ੍ਹੇ ਨਾਲ ਲੱਗਦੇ ਏਰੀਏ ਵਿੱਚੋਂ ਸਟਾਫ ਲਿਆ ਜਾਵੇ ਨਾ ਕਿ 100-100 ਕਿਲੋਮੀਟਰ ਦੂਰ ਮੂਣਕ -ਖਨੌਰੀ ਏਰੀਏ ਵਿੱਚੋਂ ਸਟਾਫ ਦੀ ਡਿਊਟੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣੇ ਹੀ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ। ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਕੰਮ ਹੀ ਲਿਆ ਜਾਵੇਗਾ ਪਰੰਤੂ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਚੱਲ ਰਹੀ ਹੈ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਗਰੂਰ ਵਿੱਚੋਂ ਅਧਿਆਪਕਾਂ ਦੀ ਲਗਾਈਆਂ ਗਈਆਂ ਚੋਣ ਡਿਊਟੀਆਂ ਰੱਦ ਕੀਤੀਆਂ ਜਾਣ ਅਤੇ ਅਧਿਆਪਕਾਂ ਨੂੰ ਸਿਰਫ ਪੜ੍ਹਾਉਣ ਦਿੱਤਾ ਜਾਵੇ।