ਹਰਦੀਪ ਸਿੰਘ ਸੋਢੀ
ਧੂਰੀ, 18 ਮਈ
ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਧੂਰੀ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰਨ ਉਪਰੰਤ ਧੂਰੀ ਹਲਕੇ ਅੰਦਰ ਪਿੰਡ ਦੌਲਤਪੁਰ ਦੇ ਸਰਪੰਚ ਕਾਂਗਰਸ ਪਾਰਟੀ ਦੇ ਮੈਂਬਰ ਪੀਪੀਸੀ ਹਰਦੀਪ ਸਿੰਘ ਵੱਲੋਂ ਵਰਕਰ ਮਿਲਣੀ ਤਹਿਤ ਵਿਸ਼ਾਲ ਰੈਲੀ ਕਰਵਾਈ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਦੇਸ਼ ਨੂੰ ਅੱਗੇ ਲਿਜਾਣ ’ਤੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਨਸ਼ਿਆਂ ਦਾ ਖ਼ਾਤਮਾ ਕਰਨ ਲਈ ਕਾਂਗਰਸ ਦੀ ਸਰਕਾਰ ਬਣਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨਾਂ ਤੋਂ ਇਲਾਵਾ ਵਪਾਰੀਆਂ ਦੇ ਨਾਲ-ਨਾਲ ਆਮ ਲੋਕਾਂ ਦੀ ਹਾਲਤ ਦਿਨੋਂ-ਦਿਨ ਬੁਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਹਾਈਕਮਾਂਡ ਨੇ ਉਨ੍ਹਾਂ ਨੂੰ ਸੰਗਰੂਰ ਹਲਕੇ ਦੀ ਸੇਵਾ ਕਰਨ ਲਈ ਭੇਜਿਆ ਹੈ। ਉਨ੍ਹਾਂ ਕਿਹਾ ਜੇ ਸੰਗਰੂਰ ਦੇ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਸੰਗਰੂਰ ਹਲਕੇ ਲਈ ਵੱਡੇ ਪ੍ਰਾਜੈਕਟ ਲਿਆਉਣਗੇ। ਉਨ੍ਹਾਂ ਪੰਜਾਬ ਸਰਕਾਰ ’ਤੇ ਟਿੱਪਣੀ ਕਰਦਿਆਂ ਕਿਹਾ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਜਾਂਦੀ ਹੈ ਤੇ ਸ਼ੰਭੂ ਅਤੇ ਖਨੌਰੀ ਹੱਦਾਂ ’ਤੇ ਬੈਠੇ ਕਿਸਾਨਾਂ ਉੱਪਰ ਤਸ਼ੱਦਦ ਕੀਤਾ ਜਾਂਦਾ ਤੇ ਪੰਜਾਬ ਦੇ ਨੌਜਵਾਨਾਂ ਉੱਪਰ ਝੂਠੇ ਕੇਸ ਪਾ ਕੇ ਜੇਲ੍ਹਾਂ ’ਚ ਸੁੱਟਿਆ ਜਾਂਦਾ ਹੈ।
ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਕਿਹਾ ਸ੍ਰੀ ਖਹਿਰਾ ਨੂੰ ਧੂਰੀ ਹਲਕੇ ਦੇ ਪਿੰਡਾਂ ਤੇ ਸ਼ਹਿਰ ਵਿੱਚੋਂ ਵੱਡੀ ਲੀਡ ਦਿਵਾਈ ਜਾਵੇਗੀ। ਇਸ ਮੌਕੇ ਸੋਨੀ ਬੇਨੜਾ, ਰਾਹੁਲ ਇੰਦਰ ਸਿੰਘ, ਗੁਰਬਖਸ਼ ਸਿੰਘ ਗੁੱਡੂ, ਗੁਰਪਿਆਰ ਸਿੰਘ ਧੂਰਾ, ਜਗਤਾਰ ਸਿੰਘ ਤਾਰਾ, ਹੰਸ ਰਾਜ ਗੁਪਤਾ, ਕਾਕਾ ਈਸੀ, ਰਾਜੀਵ ਚੌਧਰੀ, ਵਿਜੇ ਸਿੰਗਲਾ ਹਾਜ਼ਰ ਸਨ।