ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਕਾਂਗਰਸੀ ਵਰਕਰਾਂ ਵਲੋਂ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਸ਼ਹਿਰ ’ਚ ‘ਗੌਰਵ ਯਾਤਰਾ’ ਕੱਢੀ ਗਈ ਜਿਸ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤੀ। ਇਸ ਯਾਤਰਾ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਨੇ ਹੱਥਾਂ ਵਿੱਚ ਤਿਰੰਗੇ ਚੁੱਕ ਕੇ ਸ਼ਹੀਦਾਂ ਨੂੰ ਯਾਦ ਕੀਤਾ। ਸ਼ਹਿਰ ਦੇ ਵਾਰ ਹੀਰੋਜ਼ ਖੇਡ ਸਟੇਡੀਅਮ ਤੋਂ ‘ਗੌਰਵ ਯਾਤਰਾ’ ਸ਼ੁਰੂ ਹੋਈ ਜੋ ਕਿ ਸ਼ਹਿਰ ਦੇ ਪਟਿਆਲਾ ਗੇਟ ਬਾਜ਼ਾਰ, ਵੱਡਾ ਚੌਕ, ਸਦਰ ਬਾਜ਼ਾਰ, ਧੂਰੀ ਗੇਟ ਬਜ਼ਾਰ ਤੋਂ ਹੁੰਦੀ ਹੋਈ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਪੁੱਜ ਕੇ ਸਮਾਪਤ ਹੋਈ। ਇਸ ਦੌਰਾਨ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਹਜ਼ਾਰਾਂ ਸੂਰਵੀਰਾਂ ਨੇ ਸ਼ਹਾਦਤਾਂ ਦਿੱਤੀਆਂ ਸਨ ਤੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਂਗਰਸ ਪਾਰਟੀ ਦੇ ਵਰਕਰ ਪੂਰੇ ਸੂਬੇ ਵਿੱਚ ਪੈਦਲ ਤਿਰੰਗਾ ਯਾਤਰਾ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਇਸ ਤਿਰੰਗੇ ਝੰਡੇ ਵਿੱਚ ਤਿੰਨ ਰੰਗ ਨਹੀਂ ਹਨ ਸਗੋਂ ਉਨ੍ਹਾਂ ਸ਼ਹੀਦਾਂ ਦੀ ਸੋਚ, ਉਨ੍ਹਾਂ ਦੀਆਂ ਕੁਰਬਾਨੀਆਂ ਦੇ ਰੰਗ ਹਨ, ਜਿਸ ਨੂੰ ਫਖ਼ਰ ਨਾਲ ਹਰ ਕੋਈ ਆਪੋ ਆਪਣੇ ਘਰਾਂ ਵਿੱਚ ਲਹਿਰਾ ਰਿਹਾ ਹੈ।