ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਜਨਵਰੀ
ਇੱਥੇ ਤੂਰ ਪੱਤੀ ’ਚ 166 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਪਾਰਕ ਦੇ ਮੁੱਦੇ ਸਬੰਧੀ ਮੁਹੱਲੇ ਦੇ ਲੋਕਾਂ ਵਿੱਚ ਉਸ ਸਮੇਂ ਵਿਵਾਦ ਖੜਾ ਹੋ ਗਿਆ ਜਦੋਂ ਕੁੱਝ ਮੁਹੱਲਾ ਵਾਸੀਆਂ ਨੇ ਇਸ ਪਾਰਕ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ 14 ਜਨਵਰੀ ਨੂੰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਇਸ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਅਗਲੇ ਹੀ ਦਿਨ ਇਸ ਥਾਂ ’ਤੇ ਪਾਰਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਤੂਰ ਪੱਤੀ ਦੇ ਭੋਲਾ ਖਾਨ, ਅਮਰੀਕ ਸਿੰਘ, ਨਿਰਭੈ ਸਿੰਘ, ਭਰਪੂਰ ਸਿੰਘ ਤੇ ਹੋਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਹ ਥਾਂ ਤੂਰ ਪੱਤੀ ਦੇ ਸਾਰੇ ਲੋਕਾਂ ਦੀ ਸਾਂਝੀ ਜਗ੍ਹਾ ਹੈ। ਇਸ ਥਾਂ ਸਬੰਧੀ ਕੁੱਝ ਸਮਾਂ ਪਹਿਲਾਂ ਝਗੜਾ ਵੀ ਹੋ ਗਿਆ ਸੀ ਅਤੇ ਕੋਰਟ ਨੇ ਇਸ ਥਾਂ ਦੀ ਵੇਚਣ ਖਰੀਦਣ ’ਤੇ ਸਟੇਅ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਸੱਤਾਧਾਰੀ ਧਿਰ ਧੱਕੇ ਨਾਲ ਇਸ ਥਾਂ ’ਤੇ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰ ਰਹੀ ਹੈ।
ਦੂਜੇ ਪਾਸੇ ਪਾਰਕ ਬਣਨ ਦਾ ਸਮਰਥਨ ਕਰਨ ਵਾਲੀ ਧਿਰ ਦੇ ਵਿਅਕਤੀ ਜਗਤਾਰ ਸਿੰਘ ਤੂਰ, ਜਸਵਿੰਦਰ ਸਿੰਘ ਤੂਰ ਤੇ ਹੋਰਾਂ ਨੇ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ ਪੈਣ ਕਾਰਨ ਇੱਥੇ ਟੋਭੇ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਭਰਾਵਾਂ ਨੂੰ ਕੋਈ ਵਿਵਾਦ ਖੜਾ ਕਰਨ ਦੀ ਥਾਂ ਇਸ ਸਾਂਝੇ ਕੰਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ।
ਵਿਵਾਦ ਵੱਧ ਜਾਣ ਕਾਰਨ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਜ਼ਮੀਨ ਸਬੰਧੀ ਆਪਣਾ ਰਿਕਾਰਡ ਲੈ ਕੇ ਥਾਣੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਿਕਾਰਡ ਚੈੱਕ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।