ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਗਸਤ
ਭਾਜਪਾ ਸਰਕਾਰ ਵੱਲੋਂ ਸੱਚ ਦੀ ਅਵਾਜ਼ ਉਠਾਉਣ ਵਾਲੇ ਅਤੇ ਸਰਕਾਰੀ ਨੀਤੀਆਂ /ਫੈਸਲਿਆਂ ਨਾਲ ਅਸਹਿਮਤੀ ਪ੍ਰਗਟ ਕਰਨ ਵਾਲੇ ਸੰਘਰਸ਼ਸ਼ੀਲ ਲੋਕਾਂ, ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਯੂ. ਏ. ਪੀ. ਏ., ਦੇਸ਼ਧ੍ਰੋਹੀ, ਐਨ.ਐਸ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ ਵਿੱਚ ਬੰਦ ਕਰਨ ਖ਼ਿਲਾਫ਼ ਇੱਥੇ ਇਕ ਹੋਟਲ ਵਿੱਚ ਨਾਮਦੇਵ ਸਿੰਘ ਭੁਟਾਲ, ਤਰਸੇਮ ਲਾਲ ਧੂਰੀ, ਰਜਤ ਕੁਮਾਰ ਤੇ ਸ੍ਰੀਮਤੀ ਸ਼ੌਰੀਆ ਦੀ ਪ੍ਰਧਾਨਗੀ ਹੇਠ ਜਬਰ ਵਿਰੋਧੀ ਕਨਵੈਨਸ਼ਨ ਕੀਤੀ ਗਈ।
ਜਮਹੂਰੀ ਅਧਿਕਾਰ ਸਭਾ ਪੰਜਾਬ, ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਕਰਵਾਈ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਵਰਨਜੀਤ ਸਿੰਘ ਨੇ ਅਜੋਕੇ ਸਮੇਂ ਵਿੱਚ ਇਨ੍ਹਾਂ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕਰਨ ਦੀ ਮਹੱਤਤਾ ਬਾਰੇ ਦੱਸਿਆ। ਦਿੱਲੀ ਹਾਈ ਕੋਰਟ ਦੇ ਵਕੀਲ ਰਜਤ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਜਾਂ ਐਨ.ਆਈ.ਏ. ਵੱਲੋਂ ਝੂਠੀਆਂ ਕਹਾਣੀਆਂ ਘੜ ਕੇ ਯੂ. ਏ. ਪੀ. ਏ. ਲਗਾ ਕੇ ਲੋਕਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿੱਚ ਸਾੜਿਆ ਜਾ ਰਿਹਾ ਹੈ। ਕਈ ਕੇਸਾਂ ਵਿੱਚ ਕਿਸੇ ਜੁਰਮ ਨੂੰ ਵੱਧ ਤੋਂ ਵੱਧ ਮਿਲਣ ਵਾਲੀ ਸਜ਼ਾ ਤੋਂ ਵੀ ਜਿਆਦਾ ਸਮਾਂ ਲੰਘਣ ਦੇ ਬਾਵਜੂਦ ਕੇਸਾਂ ਦਾ ਨਿਪਟਾਰਾ ਨਹੀਂ ਹੁੰਦਾ। ਇਕ ਮਹੀਨੇ ਤੱਕ ਪੁਲੀਸ ਹਿਰਾਸਤ ਵਿਚ ਰੱਖਣ ਅਤੇ ਛੇ ਮਹੀਨੇ ਤੱਕ ਚਲਾਨ ਪੇਸ਼ ਕਰਨ ਦੀਆਂ ਵਿਵਸਥਾਵਾਂ ਬੇਦੋਸ਼ੇ ਲੋਕਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿਚ ਰੱਖਣ ਲਈ ਮਜਬੂਰ ਕਰਦੀਆਂ ਹਨ। ਗਵਾਹ ਦੀ ਪਛਾਣ ਛਪਾਉਣ ਦੇ ਪਰਦੇ ਹੇਠ ਹਿਰਾਸਤ ਵਿੱਚ ਲਏ ਵਿਅਕਤੀ ਨੂੰ ਗਵਾਹੀ ਦੀਆਂ ਨਕਲਾਂ ਨਾ ਦੇ ਕੇ ਉਨ੍ਹਾਂ ਨੂੰ ਜ਼ਮਾਨਤ ਕਰਵਾਉਣ ਦੇ ਅਧਿਕਾਰ ਨੂੰ ਵੀ ਖੋਹ ਲਿਆ ਜਾਂਦਾ ਹੈ। ਇਸ ਲਈ ਇਸ ਕਾਨੂੰਨ ਦੇ ਵਿਰੋਧ ਆਵਾਜ਼ ਉਠਾਉਣਾ ਸਮੇਂ ਦੀ ਮੁੱਖ ਲੋੜ ਹੈ।
ਸਭਾ ਦੇ ਸੂਬਾ ਸਕੱਤਰੇਤ ਦੇ ਮੈਂਬਰ ਤਰਸੇਮ ਲਾਲ ਧੂਰੀ ਨੇ ਦੱਸਿਆ ਕਿ ਕੰਪਿਊਟਰ ਦੇ ਹਾਰਡ ਵੇਅਰ ਅਤੇ ਸਾਫਟਵੇਅਰ ਰਾਹੀਂ ਲੋਕਾਂ ਦੀਆਂ ਹਰ ਕਿਸਮ ਦੀਆਂ ਗਤੀਵਿਧੀਆਂ ਨੂੰ ਸੀ.ਆਈ.ਏ. ਵੱਲੋਂ ਰਿਕਾਰਡ ਕੀਤਾ ਜਾ ਰਿਹਾ ਹੈ। ਐਨ.ਐਸ.ਓ. ਇਜ਼ਰਾਇਲੀ ਕੰਪਨੀ ਦੇ ਪੈਗਾਸਸ ਸਾਫਟਵੇਅਰ ਰਾਹੀਂ ਸੰਘਰਸ਼ਸ਼ੀਲ ਲੋਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫਸਰਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਨੇ ਸਭ ਦਾ ਧੰਨਵਾਦ ਕੀਤਾ। ਕਨਵੈਨਸ਼ਨ ਵਿੱਚ ਵੱਖ ਵੱਖ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਕੁਲਦੀਪ ਕੁਮਾਰ ਜੋਸ਼ੀ, ਗੁਰਵਿੰਦਰ ਸਿੰਘ ਮੰਗਵਾਲ, ਰੋਹੀ ਸਿੰਘ ਮੰਗਵਾਲ, ਮੱਘਰ ਸਿੰਘ, ਲਾਲ ਸਿੰਘ ਧਨੌਲਾ, ਹਰਜੀਤ ਸਿੰਘ ਬਾਲੀਆਂ, ਸੰਜੀਵ ਮਿੰਟੂ, ਬਹਾਲ ਸਿੰਘ ਬੇਨੜਾ, ਮੁਕੇਸ਼ ਮਲੌਦ, ਪ੍ਰਗਟ ਸਿੰਘ ਕਾਲਾਝਾੜ, ਬਲਵੀਰ ਚੰਦ ਲੌਂਗੋਵਾਲ, ਦਾਤਾ ਸਿੰਘ ਨਮੋਲ, ਮਾਸਟਰ ਪਰਮ ਵੇਦ, ਰਘਬੀਰ ਸਿੰਘ ਭਵਾਨੀਗੜ੍ਹ, ਮਹਿੰਦਰ ਸਿੰਘ ਭੱਠਲ ਤੇ ਸੁਖਦੀਪ ਸਿੰਘ ਹਥਨ ਆਦਿ ਹਾਜ਼ਰ ਸਨ।