ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਮਾਰਚ
ਐਂਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਤਰਸੇਮ ਚੰਦ ਸਿਰਸੀਵਾਲਾ ਸੂਬਾ ਮੀਤ ਪ੍ਰਧਾਨ ਦੀ 28ਵੀਂ ਬਰਸੀ ਮੌਕੇ ‘ਬਿਜਲੀ ਖੇਤਰ ਦੇ ਨਿੱਜੀਕਰਨ ਅਤੇ ਰੁਜ਼ਗਾਰ ਦਾ ਸਵਾਲ’ ਵਿਸ਼ੇ ’ਤੇ ਚੇਤਨਾ ਕਨਵੈਨਸ਼ਨ ਸਥਾਨਕ ਸੁਤੰਤਰ ਭਵਨ ਵਿੱਚ ਕਰਵਾਈ ਗਈ। ਕਨਵੈਨਸ਼ਨ ’ਚ ਤਰਸੇਮ ਚੰਦ ਸਿਰਸੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਸੰਬੋਧਨ ਕਰਦਿਆਂ ਐਂਪਲਾਈਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਕੌਰ ਸਿੰਘ ਸੋਹੀ ਨੇ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਦੇ ਵਿਕਸਤ ਹੋਣ ਨਾਲ ਬੇਰੁਜ਼ਗਾਰੀ, ਮਹਿੰਗਾਈ, ਅਮੀਰੀ ਗਰੀਬੀ ਦਾ ਪਾੜਾ ਵੱਧ ਰਿਹਾ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਖੇਤਰ ਦੇ ਨਿੱਜੀਕਰਨ ਰਾਹੀਂ ਸਾਰਾ ਪ੍ਰਬੰਧ ਆਪਣੇ ਹੇਠ ਲੈ ਕੇ ਜਾਣ ਦੀ ਵਿਉਂਤਬੰਦੀ ਕਰ ਰਹੀ ਹੈ ਜਿਸ ਖਿਲਾਫ਼ ਕਿਸਾਨ ਅੰਦੋਲਨ ਨੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਲਈ ਜੱਦੋਜਹਿਦ ਕਰਕੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਤੋ ਰੋਕਿਆ ਹੈ ਪਰ ਮੋਦੀ ਸਰਕਾਰ ਦੀਆਂ ਪਾਵਰ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਂਪਲਾਈਜ਼ ਫੈਡਰੇਸ਼ਨ ਦੇ ਆਗੂਆਂਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਬਰੇਟਾ, ਫਲਜੀਤ ਸਿੰਘ ਸਾਬਕਾ ਸੂਬਾ ਪ੍ਰਧਾਨ, ਪ੍ਰਿਤਪਾਲ ਸਿੰਘ,ਅਸ਼ਵਨੀ ਕੁਮਾਰ, ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਗੈਰਵਿਧਾਨਿਕ ਫੈਸਲਿਆਂ ਖਿਲਾਫ ਲਾਮਬੰਦ ਹੋਣ ਦੀ ਜ਼ਰੂਰਤ ਹੈ।