ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਪਛੜੇ ਵਰਗਾਂ ਦੇ ਕੇਡਰ ਨੂੰ ਪਾਰਟੀ ਨਾਲ ਜੋੜਨ ਅਤੇ ਉਹਨ੍ਹਾਂ ਨੂੰ ਪਾਰਟੀ ਪੱਧਰ ’ਤੇ ਬਣਦਾ ਮਾਨ ਸਨਮਾਨ ਦੇਣ ਹਿਤ ਇੱਕ ਸੰਮੇਲਨ ਪਰਜਾਪਤ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਸਤਿਗੁਰ ਸਿੰਘ ਕੌਹਰੀਆਂ ਦੀ ਅਗਵਾਈ ਹੇਠ ਸੰਮੇਲਨ ’ਚ ਬਸਪਾ ਪੰਜਾਬ ਦੇ ਮੀਤ ਪ੍ਰਧਾਨ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ, ਲੋਕ ਸਭਾ ਇੰਚਾਰਜ ਫਿਰੋਜ਼ਪੁਰ ਸੁਰਿੰਦਰ ਸਿੰਘ ਕੰਬੋਜ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੰਮੇਲਨ ਨੂੰ ਸੰਬੋਧਨ ਕਰਦਿਆਂ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਬੀਸੀ ਭਾਈਚਾਰੇ ਦੀ ਭਾਰਤ ਪੱਧਰ ’ਤੇ 2011 ਦੀ ਜਨਗਣਨਾ ਅਨੁਸਾਰ ਆਬਾਦੀ 52 ਫ਼ੀਸਦੀ ਹੈ ਅਤੇ ਪੰਜਾਬ ਵਿੱਚ ਬੀਸੀ ਭਾਈਚਾਰੇ ਦੀ ਆਬਾਦੀ 42 ਫੀਸਦੀ ਹੈ, ਦੇਸ਼ ਦੀ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਇਨ੍ਹਾਂ ਵਰਗਾਂ ਨੂੰ ਕਦੇ ਵੀ ਬਰਾਬਰਤਾ ਦੇ ਅਧਿਕਾਰ ਤੇ ਬਣਦੀ ਹਿੱਸੇਦਾਰੀ ਨਹੀਂ ਮਿਲੀ, ਜਿਹੜੇ ਉੱਚ ਵਰਗ ਦੇ ਸਮਾਜ ਦੀ ਆਬਾਦੀ ਸਿਰਫ 15 ਫ਼ੀਸਦੀ ਹੈ ਉਨ੍ਹਾਂ ਕੋਲ ਅੱਜ ਵੀ ਧੰਨ, ਧਰਤੀ, ਉਦਯੋਗ, ਰਾਜ ਸੱਤਾ 86 ਫ਼ੀਸਦੀ ਹੈ। ਉਨਾਂ ਕਿਹਾ ਕਿ ਪੱਛੜੇ ਵਰਗਾਂ ਦੀ ਸੰਪੂਰਨ ਆਜ਼ਾਦੀ ਲਈ ਸਾਰੇ ਸਮਾਜ ਨੂੰ ਇੱਕਜੁੱਟ ਹੋ ਕੇ ਅੰਬੇਡਕਰਵਾਦੀ ਵਿਚਾਰਧਾਰਾ ਵਾਲੀ ਬਸਪਾ ਨੂੰ ਰਾਜਨੀਤਿਕ ਸ਼ਕਤੀ ਸੌਂਪਣੀ ਹੋਵੇਗੀ। ਇਸ ਮੌਕੇ ਬਸਪਾ ਦੇ ਆਗੂ ਬਲਦੇਵ ਸਿੰਘ ਮਹਿਰਾ ਅਤੇ ਸੁਰਿੰਦਰ ਸਿੰਘ ਕੰਬੋਜ ਨੇ ਸੰਬੋਧਨ ਕੀਤਾ।
ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਲੋਕ ਸਭਾ ਇੰਚਾਰਜ ਡਾ. ਮੱਖਣ ਸਿੰਘ ਨੇ ਕਿਹਾ ਕਿ ਪਛੜੇ ਵਰਗ ਦੇ ਸਮੁੱਚੇ ਭਾਈਚਾਰੇ ਨੂੰ ਬਸਪਾ ਨਾਲ ਜੋੜਨ ਲਈ ਵਿਧਾਨ ਸਭਾ ਹਲਕਿਆਂ ਅਨੁਸਾਰ ਕੇਡਰ ਕੈਂਪ ਲਗਾਏ ਜਾਣਗੇ ਅਤੇ ਮੀਟਿੰਗਾਂ ਕੀਤੀਆਂ ਜਾਣਗੀਆਂ।