ਬੀਰਬਲ ਰਿਸ਼ੀ
ਸ਼ੇਰਪੁਰ, 1 ਸਤੰਬਰ
ਪਿੰਡਾਂ ’ਚ ਕਰੋਨਾ ਦੀ ਜਾਂਚ ਲਈ ਜਾਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘੇਰਨ, ਮਰੀਜ਼ਾਂ ਦੀ ਸਿਹਤ ਜਾਂਚ ਕਰਵਾਏ ਜਾਣ ਖ਼ਿਲਾਫ਼ ਪਾਏ ਜਾ ਰਹੇ ਪੰਚਾਇਤੀ ਮਤਿਆਂ ਤੇ ਹਸਪਤਾਲ ਗਏ ਮਰੀਜ਼ਾਂ ਸਬੰਧੀ ਕਈ ਤਰ੍ਹਾਂ ਦੇ ਚੱਲ ਰਹੇ ਚਰਚਿਆਂ ਤੋਂ ਪ੍ਰਸ਼ਾਸਨ ਫ਼ਿਕਰਮੰਦੀ ਹੈ। ਇਸ ਸਬੰਧੀ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੇ ਸਰਕਾਰੀ ਹਸਪਤਾਲ ਸ਼ੇਰਪੁਰ ਵਿੱਚ ਪਹੁੰਚ ਕੇ ਕੁਝ ਪੰਚਾਇਤਾਂ ਤੇ ਮੋਹਤਬਰਾਂ ਨਾਲ ਮੀਟਿੰਗ ਕੀਤੀ। ਲੋਕਾਂ ਵੱਲੋਂ ਉਠਾਏ ਤਿੱਖੇ ਸੁਆਲਾਂ ਦੇ ਐੱਸਡੀਐੱਮ ਨੇ ਦਲੀਲ ਨਾਲ ਜਵਾਬ ਦੇ ਕੇ ਉਨ੍ਹਾਂ ਦੀ ਸੰਤੁਸ਼ਟੀ ਕਰਵਾਈ। ਯਾਦ ਰਹੇ ਕਿ ਹਾਲ ਹੀ ਦੌਰਾਨ ਪਿੰਡ ਰਾਮਨਗਰ ਛੰਨਾਂ ਵਿੱਚ ਲੋਕਾਂ ਦੀ ਸਿਹਤ ਜਾਂਚ ਕਰਨ ਆਈ ਟੀਮ ਦਾ ਘਿਰਾਓ ਕੀਤਾ ਸੀ ਤੇ ਪੱਤੀ ਖ਼ਲੀਲ ਦੀ ਪੰਚਾਇਤ ਨੇ ਬਿਨਾਂ ਪੰਚਾਇਤ ਤੇ ਪਰਿਵਾਰ ਦੀ ਸਹਿਮਤੀ ਤੋਂ ਕਿਸੇ ਦੀ ਸਿਹਤ ਜਾਂਚ ਨਾ ਕਰਨ ਤੇ ਕਰੋਨਾ ਦੇ ਸ਼ੱਕੀ ਮਰੀਜ਼ ਨੂੰ ਸੈਂਟਰ ਲਿਜਾਣ ਦੀ ਥਾਂ ਪਿੰਡ ਵਿੱਚ ਹੀ ਇਕਾਂਤਵਾਸ ਕਰਨ ਸਬੰਧੀ ਮਤੇ ਪਾਏ ਸਨ।
ਐੱਸਡੀਐੱਮ ਕੋਲ ਸ਼ੇਰਪੁਰ ਦੇ ਚਮਕੌਰ ਸਿੰਘ ਨੇ ਪਰਵਾਸੀ ਮਜ਼ਦੂਰ ਮਧੂਸੂਦਨ ਦੀ ਕਰੋਨਾ ਨਾਲ ਹੋਈ ਮੌਤ ਸਬੰਧੀ ਇਲਾਜ ’ਤੇ ਸੁਆਲ ਚੁੱਕੇ ਗਏ। ਉਸਦੇ ਮਰਨ ਮਗਰੋਂ ਹਸਪਤਾਲੋਂ ਮੋਬਾਈਲ ’ਤੇ ਆਧਾਰ ਕਾਰਡ ਲੈਣ ਵਿੱਚ ਆਈਆਂ ਪ੍ਰੇਸ਼ਾਨੀਆਂ ਬਿਆਨ ਕੀਤੀਆਂ। ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ ਨੇ ਲੋਕਾਂ ਦੇ ਟੁੱਟ ਚੁੱਕੇ ਵਿਸ਼ਵਾਸ਼ ਨੂੰ ਮੁੜ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਜ ਸੇਵੀ ਬਾਬਾ ਨਿਰਮਲ ਸ਼ੇਰਪੁਰ ਨੇ ਵੀ ਕਈ ਗੰਭੀਰ ਸਵਾਲਾਂ ਦਾ ਜਵਾਬ ਦਿੰਦਿਆਂ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੇ ਤਰਕ ਨਾਲ ਜਵਾਬ ਦੇ ਕੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਹੋਣ ਦਾ ਸੱਦਾ ਦਿੰਦਿਆਂ ਮੰਨਿਆ ਕਿ ਸਿਸਟਮ ’ਚ ਕਮੀਆਂ ਪੇਸ਼ੀਆਂ ਰਹਿ ਸਕਦੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਲਈ ਲੋਕ ਸਹਿਯੋਗ ਦੇਣ।
ਐੱਸਡੀਐੱਮ ਨੇ ਘਰ-ਘਰ ਜਾ ਕੇ ਟੈਸਟਾਂ ਲਈ ਪ੍ਰੇਰਿਆ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਲੋਕਾਂ ਦੇ ਮਨਾਂ ’ਚ ਅਫ਼ਵਾਹਾਂ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਸੈਂਪਲਿੰਗ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਐੱਸਡੀਐੱਮ ਬਬਨਦੀਪ ਸਿੰਘ ਵਾਲੀਆ ਨੇ ਸ਼ਹਿਰ ਦੇ ਥਲੇਸ ਬਾਗ਼ ਇਲਾਕੇ ’ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ, ਜਿਸ ਸਦਕਾ ਇਲਾਕੇ ਦੇ 18 ਲੋਕਾਂ ਵੱਲੋਂ ਸਵੈ-ਇੱਛਾ ਨਾਲ ਸੈਂਪਲ ਦਿੱਤੇ ਗਏ।