ਗੁਰਦੀਪ ਸਿੰਘ ਲਾਲੀ/ਸਰਬਜੀਤ ਸਿੰਘ ਭੰਗੂ
ਸੰਗਰੂਰ/ਪਟਿਆਲਾ, 26 ਅਪਰੈਲ
ਮੁੱਖ ਮੰਤਰੀ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਜਾਰੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਵਟਸਐਪ ਨੰਬਰ ’ਤੇ ਦਰਜ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਮਾਲੇਰਕੋਟਲਾ ਦੇ ਮਾਲ ਹਲਕਾ ਨਾਰੀਕੇ ਦੇ ਪਟਵਾਰੀ, ਪਟਵਾਰੀ ਦੇ ਪ੍ਰਾਈਵੇਟ ਸਹਾਇਕ ਅਤੇ ਪਿੰਡ ਸਲਾਰ ਦੇ ਨੰਬਰਦਾਰ ਖ਼ਿਲਾਫ਼ ਪ੍ਰੋਵੈਂਸ਼ਨ ਆਫ਼ ਕੁਰੱਪਸ਼ਨ ਐਕਟ 1988 ਐਜ ਅਮੈਡਮੈਂਟ ਪੀ.ਸੀ. ਐਕਟ 2018 ਅਤੇ 120ਬੀ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਨੇ ਅੱਜ ਪਟਵਾਰੀ ਅਤੇ ਨੰਬਰਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਸੰਗਰੂਰ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਪਿੰਡ ਸਲਾਰ ਤਹਿਸੀਲ ਅਮਰਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਨੇ 27 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਜਾਰੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਵਟਸਐਪ ਉੱਪਰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਜ਼ਮੀਨ ਦੀ ਰਜਿਸਟਰਡ ਵਸੀਅਤ ਕਰਵਾਈ ਸੀ। ਰਜਿਸਟਰਡ ਵਸੀਅਤ ਦੇ ਆਧਾਰ ’ਤੇ ਵਿਰਾਸਤ ਦਾ ਇੰਤਕਾਲ ਦਰਜ ਕਰਾਉਣ ਲਈ ਜਨਵਰੀ-2022 ’ਚ ਪਟਵਾਰੀ ਦੀਦਾਰ ਸਿੰਘ ਨੂੰ ਮਿਲਿਆ ਪਰ ਪਟਵਾਰੀ ਲਾਰੇ ਲਗਾਉਂਦਾ ਰਿਹਾ। ਪਟਵਾਰੀ ਨੇ 21 ਮਾਰਚ ਨੂੰ ਬੈਠ ਕੇ ਗੱਲ ਕਰਨ ਵਾਸਤੇ ਬੁਲਾਇਆ ਅਤੇ ਇੰਤਕਾਲ ਬਦਲੇ ਸੇਵਾ ਪਾਣੀ ਦੀ ਗੱਲ ਕੀਤੀ।
ਪਟਵਾਰੀ ਨੇ ਕਿਹਾ,‘ਤਲਵਿੰਦਰ ਸਿੰਘ ਨੰਬਰਦਾਰ ਨੂੰ ਬੁਲਾ ਲਓ, ਫਿਰ ਗੱਲ ਕਰਦੇ ਹਾਂ।’ ਜਦੋਂ ਨੰਬਰਦਾਰ ਸਮੇਤ ਪਟਵਾਰੀ ਨੂੰ ਮਿਲੇ ਤਾਂ ਉਸ ਨੇ 15 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ। ਫਿਰ ਕਿਹਾ ਕਿ ਉਹ ਨੰਬਰਦਾਰ ਨਾਲ ਗੱਲ ਕਰ ਲੈਣ, ਉਹ ਜਿੰਨੇ ਕਹਿਣਗੇ, ਉਸ ਨੂੰ ਮਨਜ਼ੂਰ ਹੈ। ਪਟਵਾਰੀ ਨੇ ਨੰਬਰਦਾਰ ਨੂੰ ਕਿਹਾ ਕਿ ਇਨ੍ਹਾਂ ਤੋਂ ਪੈਸੇ ਲੈ ਕੇ ਉਸ ਦੇ ਪ੍ਰਾਈਵੇਟ ਸਹਾਇਕ ਹਰਵਿੰਦਰ ਸਿੰਘ ਉਰਫ਼ ਬਰਨਾਲਾ ਨੂੰ ਦੇ ਦੇਵੇ। ਫਿਰ ਨੰਬਰਦਾਰ ਨੇ ਕਿਹਾ ਕਿ 10/12 ਹਜ਼ਾਰ ਤਾਂ ਦੇਣੇ ਪੈਣਗੇ, ਉਸ ਤੋਂ ਬਾਅਦ ਹੀ ਕੰਮ ਹੋਵੇਗਾ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਬੈਂਕ ਏਟੀਐੱਮ ਤੋਂ ਪੈਸੇ ਕਢਵਾ ਕੇ 10 ਹਜ਼ਾਰ ਰੁਪਏ ਨੰਬਰਦਾਰ ਨੂੰ ਦੇ ਦਿੱਤੇ ਅਤੇ ਨੰਬਰਦਾਰ ਨੇ ਉਸ ਦੇ ਸਾਹਮਣੇ ਪਟਵਾਰੀ ਦੇ ਸਹਾਇਕ ਨੂੰ ਦੇ ਦਿੱਤੇ ਸਨ। ਇਸ ਮਗਰੋਂ ਇੰਤਕਾਲ ਦਰਜ ਹੋ ਗਿਆ ਸੀ।
ਸ਼ਿਕਾਇਤਕਰਤਾ ਅਨੁਸਾਰ ਉਸ ਨੇ ਰਿਸ਼ਵਤ ਮਜਬੂਰੀਵੱਸ ਦਿੱਤੀ ਹੈ ਜਿਸ ਕਰਕੇ ਉਸ ਨੇ ਰਿਸ਼ਵਤ ਦੇ ਲੈਣ ਦੇਣ ਸਮੇਂ ਦੀ ਵੀਡੀਓ ਆਪਣੇ ਮੋਬਾਈਲ ਫੋਨ ਵਿੱਚ ਬਣਾ ਲਈ ਸੀ। ਡੀਐੱਸਪੀ ਅਨੁਸਾਰ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀ ਵੀਡੀਓ ਸੀ.ਡੀ. ਵੇਖਣ ਸੁਣਨ ਅਤੇ ਸ਼ਿਕਾਇਤ ਦੀ ਪੜਤਾਲ ਮਗਰੋਂ ਪਟਿਆਲਾ ਦੀ ਵਿਜੀਲੈਂਸ ਟੀਮ ਨੇ ਦੀਦਾਰ ਸਿੰਘ ਪਟਵਾਰੀ ਹਲਕਾ ਨਾਰੀਕੇ, ਪਟਵਾਰੀ ਦੇ ਪ੍ਰਾਈਵੇਟ ਸਹਾਇਕ ਹਰਵਿੰਦਰ ਸਿੰਘ ਉਰਫ਼ ਬਰਨਾਲਾ ਅਤੇ ਤਲਵਿੰਦਰ ਸਿੰਘ ਨੰਬਰਦਾਰ ਪਿੰਡ ਸਲਾਰ ਦੇ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਪਟਵਾਰੀ ਅਤੇ ਨੰਬਰਦਾਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ।