ਪੱਤਰ ਪ੍ਰੇਰਕ
ਭਵਾਨੀਗੜ੍ਹ, 27 ਦਸੰਬਰ
ਪਿੰਡ ਨਦਾਮਪੁਰ ਦੇ ਭਗਤ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੁਖਮਨੀ ਸਾਹਿਬ ਦੇ ਭੋਗ ਪਾਉਣ ਉਪਰੰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਕੈਸ਼ਲੈੱਸ ਇਲਾਜ ਲਈ ਕਾਰਡ ਬਣਾਏ ਗਏ। ਇਸ ਕੈਂਪ ਦਾ ਆਯੋਜਨ ਗ੍ਰਾਮ ਪੰਚਾਇਤ ਨਦਾਮਪੁਰ ਵੱਲੋਂ ਕਰਵਾਇਆ ਗਿਆ।
ਇਸ ਮੌਕੇ ਗ੍ਰਾਮ ਸੇਵਾ ਕੇਂਦਰ ਅਗੇਤੀ ਪਟਿਆਲਾ ਵੱਲੋਂ ਕੁਲਵੀਰ ਸਿੰਘ ਅਤੇ ਬਲਕਾਰ ਸਿੰਘ ਨੇ ਕਾਰਡ ਬਣਾਉਣ ਦੀ ਸੇਵਾ ਨਿਭਾਈ। ਸੁਖਵਿੰਦਰ ਕੌਰ ਸਰਪੰਚ, ਬਲਵੰਤ ਸਿੰਘ ਸਾਬਕਾ ਸਰਪੰਚ, ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਭਗਤ ਰਵਿਦਾਸ ਕਮੇਟੀ ਨੇ ਸੇਵਾ ਕੇਂਦਰ ਦੀ ਟੀਮ ਦਾ ਸਨਮਾਨ ਕੀਤਾ। ਇਸ ਕੈਂਪ ਦੀ ਸੇਵਾ ਅਤੇ ਅਤਿ ਲੋੜਵੰਦ ਪਰਿਵਾਰਾਂ ਦੇ ਕਾਰਡਾਂ ਦੇ ਖਰਚ ਦੀ ਸੇਵਾ ਰਮਨਦੀਪ ਸਿੰਘ ਤੋਕੀ ਅਤੇ ਸਮੂਹ ਤੋਕੀ ਪਰਿਵਾਰ ਵੱਲੋਂ ਕੀਤੀ ਗਈ।