ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ 28 ਜੂਨ
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਗਏ ਪਟਿਆਲਾ ਦੇ ਆਨੰਦ ਨਗਰ ਐਕਸਟੈਨਸ਼ਨ ਵਾਸੀ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਸੜਕ ਹਾਦਸੇ ਵਿੱਚ ਸੋਮਵਾਰ ਨੂੰ ਮੌਤ ਹੋ ਗਈ ਸੀ।
ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਪਿਓ ਅਤੇ ਦੋ ਪੁੱਤਰ ਸ਼ਾਮਲ ਹਨ, ਜਿਨ੍ਹਾਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਰਮਜੀਤ ਸਿੰਘ ਚੱਢਾ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਇੱਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਬਰੇਲੀ ਗਿਆ ਸੀ। ਉਹ ਗੱਡੀ ‘ਤੇ ਸਵਾਰ ਹੋ ਕੇ ਬਰੇਲੀ ਤੋਂ ਵਾਪਸ ਆ ਰਿਹਾ ਸੀ ਕਿ ਰਾਹ ਵਿੱਚ ਪਰਮਜੀਤ ਸਿੰਘ (42) ਅਤੇ ਉਸ ਦੇ ਦੋ ਪੁੱਤਰ ਸਰਬਜੀਤ ਸਿੰਘ (16) ਅਤੇ ਅੰਸ਼ ਸਿੰਘ (14) ਗੱਡੀ ਤੋਂ ਉਤਰ ਕੇ ਖੜ੍ਹੇ ਸਨ। ਉਨ੍ਹਾਂ ਦੀ ਗੱਡੀ ਪਿੱਛੇ ਖੜ੍ਹੀ ਇੱਕ ਹੋਰ ਗੱਡੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟਰੱਕ ਮਾਰ ਦਿੱਤੀ, ਜਿਸ ਕਾਰਨ ਤਿੰਨੇ ਪਿਓ-ਪੁੱਤਾਂ ਦੇ ਸੱਟਾਂ ਲੱਗੀਆਂ। ਹਾਦਸੇ ਦੌਰਾਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਵਿੱਚ ਸਵਾਰ ਮਾਂ-ਧੀ ਦੇ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਅੱਜ ਪਟਿਆਲਾ ਲਿਆਂਦਾ ਗਿਆ, ਜਿੱਥੇ ਤਿੰਨੇ ਪਿਓ-ਪੁੱਤਰਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ।
ਇਸ ਘਟਨਾ ਨਾਲ ਸਥਾਨਕ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਸਾਕ ਸਬੰਧੀਆਂ ਅਤੇ ਸਥਾਨਕ ਲੋਕਾਂ ਨੇ ਨਮ ਅੱਖਾਂ ਨਾਲ ਤਿੰਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ।