ਹਰਦੀਪ ਸਿੰਘ ਸੋਢੀ
ਧੂਰੀ, 9 ਜੂਨ
ਸ਼ਹਿਰ ਵਿਚਕਾਰੋਂ ਲੰਘਦੇ ਸ਼ੇਰੋਂ ਰਜਵਾਹੇ ਦੀ ਨਹਿਰੀ ਵਿਭਾਗ ਵੱਲੋਂ ਕਰਵਾਈ ਗਈ ਸਫ਼ਾਈ ਨੂੰ ਲੈ ਕੇ ਲੋਕਾਂ ’ਚ ਚਰਚਾ ਹੋ ਰਹੀ ਹੈ। ਲੋਕਾਂ ਅਨੁਸਾਰ ਭਾਵੇਂ ਵਿਭਾਗ ਵੱਲੋਂ ਰਜਵਾਹੇ ਦੀ ਸਫ਼ਾਈ ਤਾਂ ਕੀਤੀ ਗਈ, ਪਰ ਜਿੱਥੇ ਇਹ ਸਫ਼ਾਈ ਸਹੀ ਤਰੀਕੇ ਨਾਲ ਹੋਣ ਦੀ ਬਜਾਏ ਸਗੋਂ ਬੁੱਤਾ ਸਾਰ ਸਫ਼ਾਈ ਦਿਖਾਈ ਦਿੱਤੀ, ਉਥੇ ਸਫ਼ਾਈ ਲਈ ਵਰਤੀ ਗਈ ਚੇਨ ਵਾਲੀ ਮਸ਼ੀਨ ਨੇ ਰਜਵਾਹੇ ਦੀ ਪੱਟੜੀ ਉਪਰ ਪ੍ਰੀਮਿਕਸ ਪਾ ਕੇ ਬਣੀ ਸੜਕ ਨੂੰ ਵੀ ਕਈ ਥਾਵਾਂ ਤੋਂ ਨੁਕਸਾਨ ਪਹੁੰਚਿਆ। ਜਦੋਂਕਿ ਵਿਭਾਗੀ ਸੂਤਰਾਂ ਤੇ ਸਫ਼ਾਈ ਕਰਵਾਉਣ ਵਾਲੇ ਠੇਕੇਦਾਰ ਅਨੁਸਾਰ ਰਜਵਾਹੇ ਦੀ ਪਟੱੜੀ ’ਤੇ ਬਣੀ ਸੜਕ ਭਾਵੇਂ ਕਿਸੇ ਵੀ ਵਿਭਾਗ ਵੱਲੋਂ ਬਣਾਈ ਗਈ ਹੋਵੇ, ਪਰ ਰਜਵਾਹੇ ਦੀਆਂ ਦੋਵੇਂ ਪਟੜੀਆਂ ਨਹਿਰੀ ਵਿਭਾਗ ਦੀ ਮਲਕੀਅਤ ਹਨ, ਉਥੇ ਰਜਵਾਹੇ ’ਚ ਪਈ ਗੰਦਗੀ ਨਹਿਰੀ ਵਿਭਾਗ ਵੱਲੋਂ ਨਹੀਂ, ਸਗੋਂ ਲੋਕਾਂ ਵੱਲੋਂ ਪਾਈ ਗਈ ਹੈ,ਪਰ ਸਫ਼ਾਈ ਕਰਵਾਉਣ ਲਈ ਖਰਚਾ ਫਿਰ ਵੀ ਨਹਿਰੀ ਵਿਭਾਗ ਨੂੰ ਕਰਨਾ ਪੈ ਰਿਹਾ ਹੈ।ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਨੇ ਤੁਰੰਤ ਪਾਣੀ ਛੱਡਣ ਬਾਰੇ ਕਿਹਾ ਕਿ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਨਹਿਰੀ ਵਿਭਾਗ ਨੂੰ ਪਾਣੀ ਛੱਡਣਾ ਪਿਆ, ਜਦੋਂਕਿ ਸਫ਼ਾਈ ਸਬੰਧੀ ਇੰਸਪੈਕਸ਼ਨ ਦੌਰਾਨ ਜੇ ਸਫ਼ਾਈ ਕਰਦੇ ਸਮੇਂ ਜਿੱਥੇ ਰਜਵਾਹੇ ਦੀ ਅੰਦਰਲੀ ਬਣਤਰ ਨੂੰ ਨੁਕਸਾਨ ਹੋਣਾ ਪਾਇਆ ਦਿਖਾਈ ਦਿੱਤਾ ਤਾਂ ਉਸਦੀ ਭਰਪਾਈ ਠੇਕੇਦਾਰ ਤੋਂ ਕਰਵਾਈ ਜਾਵੇਗੀ ਤੇ ਸੜਕ ਦੀ ਟੁੱਟ ਭੱਜ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਇਹ ਸੜਕ ਨਹਿਰੀ ਵਿਭਾਗ ਦੀ ਮਲਕੀਅਤ ’ਚ ਬਿਨਾਂ ਮੰਨਜੂਰੀ ਤੋਂ ਬਣਾਈ ਗਈ ਹੈ, ਪਰ ਵਿਭਾਗ ਟੁੱਟ ਭੱਜ ਦੀ ਮੁਰੰਮਤ ਕਰਵਾਏਗਾ।
ਪਾਣੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਤੋਂ ਬਿਸ਼ਨ ਨਗਰ ਦੇ ਲੋਕ ਪ੍ਰੇਸ਼ਾਨ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਇੱਥੋਂ ਦੇ ਬਿਸ਼ਨ ਨਗਰ ਵਾਰਡ ਨੰਬਰ 6 ਵਿੱਚ ਪਾਣੀ ਦੇ ਨਿਕਾਸ ਦੇ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੀ ਇੰਚਾਰਜ ਨਰਿੰਦਰ ਕੌਰ ਭਰਾਜ ਨੇ ਬਿਸ਼ਨ ਨਗਰ ’ਚ ਪਹੁੰਚ ਕੇ ਗਲੀ ਨੰਬਰ 2 ਵਿੱਚ ਖੜ੍ਹੇ ਪਾਣੀ ਦੀ ਸਮੱਸਿਆ ਨੂੰ ਦੇਖਿਆ। ਉਸ ਨੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਨ ਉਪਰੰਤ ਕਿਹਾ ਕਿ ਵੱਡੇ ਵੱਡੇ ਵਾਅਦੇ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਨੇ ਅੱਜ ਲੋਕਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ।