ਹਰਦੀਪ ਸਿੰਘ ਸੋਢੀ
ਧੂਰੀ, 22 ਨਵੰਬਰ
ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਭਾਰਤ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਦੀ ਟੀਮ ਵੱਲੋਂ ਅਪਣੀਆ ਮੰਗਾਂ ਨੂੰ ਲੈ ਕੇ ਸਥਾਨਕ ਕੱਕੜਵਾਲ ਚੌਕ ਵਿੱਚ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਗਿਆ ਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਧੂਰੀ ਦੇ ਡੀਐੱਸਪੀ ਪਰਮਿੰਦਰ ਸਿੰਘ ਨੂੰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਵਿੱਕੀ ਪਰੋਚਾ ਨੇ ਕਿਹਾ ਕਿ ਰਾਈਟ ਟੂ ਐਜੂਕੇਸ਼ਨ ਐਕਟ 2009 ਨੂੰ ਲਾਗੂ ਕਰਨ, ਸਵਾਈ ਤੇ ਸੀਵਰੇਜ ਮੁਲਾਜ਼ਮਾਂ ਨੂੰ ਪੱਕੇ ਕਰਨ, ਸ਼ਗਨ ਸਕੀਮ ਨੂੰ 51 ਹਜ਼ਾਰ ਕਰਨ, ਵਿਦਿਆਰਥੀਆਂ ਨੂੰ ਵਜ਼ੀਫੇ ਫੌਰੀ ਦਵਾਉਣ, ਸ਼ਹਿਰ ਅੰਦਰ ਨਸ਼ਿਆਂ ਨੂੰ ਬੰਦ ਕਰਵਾਉਣ ਸਬੰਧੀ ਸਰਕਾਰ ਨੂੰ ਵਾਰ ਵਾਰ ਅਪੀਲ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੇ ਰੋਸ ਵਜੋਂ ਸਰਕਾਰ ਨੂੰ ਜਗਾਉਣ ਲਈ ਧਰਨਾ ਲਾਇਆ ਗਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕੇ ਕਰਨ ਦੇ ਨਾਲ-ਨਾਲ ਬਾਕੀ ਸਾਰੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਸ ਸੰਘਰਸ਼ ਨੂੰ ਪੂਰੇ ਪੰਜਾਬ ਅੰਦਰ ਲੈਕੇ ਜਾਣਗੇ।
ਇਸ ਮੌਕੇ ਦਰਸ਼ਨ ਸਿੰਘ ਮੀਤ ਪ੍ਰਧਾਨ, ਅਜੈ ਪਰੋਚਾ ਸ਼ਹਿਰੀ ਪਰਧਾਨ, ਹੈਪੀ ਲੰਕੇਸ਼, ਬੱਬੂ, ਵਿੱਕੀ, ਮੁਖਤਿਆਰ ਸਿੰਘ, ਗੁਰਤੇਜ ਸਿੰਘ, ਦਰਸ਼ਨ ਸਿੰਘ, ਸਫਾਈ ਸੇਵਕਾਂ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।