ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਮਈ
ਪੰਜਾਬ ਭਰ ’ਚ ਜ਼ਮੀਨ ਸੰਘਰਸ਼ ਕਾਰਨ ਚਰਚਿਤ ਰਹੇ ਪਿੰਡ ਜਲੂਰ ’ਚ ਦਲਿਤ ਪੰਚਾਇਤੀ ਜ਼ਮੀਨ ’ਚੋਂ ਦਲਿਤ ਰਾਖਵੀਂ ਜ਼ਮੀਨ ਸਮੂਹਿਕ ਤੌਰ ’ਤੇ ਲੈਣ ’ਚ ਸਫਲ ਹੋਏ ਹਨ। ਕੁਝ ਵਰ੍ਹੇ ਪਹਿਲਾਂ ਇਸੇ ਜ਼ਮੀਨ ਕਾਰਨ ਪਿੰਡ ’ਚ ਹਿੰਸਾ ਹੋਈ ਸੀ। ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੇ ਇਕਾਈ ਪ੍ਰਧਾਨ ਬਬਲਾ ਸਿੰਘ ਝਲੂਰ, ਗੁਰਦਾਸ ਸਿੰਘ ਅਤੇ ਮੱਖਣ ਸਿੰਘ ਜਲੂਰ ਨੇ ਦੱਸਿਆ ਕਿ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਗਈ ਜ਼ਮੀਨ ਦਲਿਤ ਭਾਈਚਾਰੇ ਨੇ ਇਸ ਵਾਰ ਵੀ ਸਾਂਝੇ ਰੂਪ ਵਿੱਚ ਇਕੱਠੇ ਹੋ ਕੇ ਬੋਲੀ ਦਿੱਤੀ ਜਿਸ ਨੂੰ ਕਿ 70 ਦੇ ਤਕਰੀਬਨ ਦਲਿਤ ਪਰਿਵਾਰਾਂ ਵਿਚ ਵੰਡਿਆ ਜਾਵੇਗਾ ਅਤੇ ਜਿਸ ਨੂੰ ਪਸ਼ੂਆਂ ਦੇ ਚਾਰੇ ਅਤੇ ਸਾਂਝੀ ਖੇਤੀ ਲਈ ਵਰਤਿਆ ਜਾਵੇਗਾ। ਪਿੰਡ ਵਾਸੀਆਂ ਵੱਲੋਂ ਜਲੂਰ ਕਾਂਡ ਵਿੱਚ ਜ਼ਖ਼ਮੀ ਲੋਕਾਂ ਦਾ ਮੁਆਵਜ਼ਾ ਲੈਣ ਲਈ ਲੜਾਈ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਗਿਆ। ਬੀਡੀਪੀਓ ਗੁਰਨੇਤ ਸਿੰਘ ਜਲਵੇੜਾ ਨੇ ਦੱਸਿਆ ਕਿ ਪਿੰਡ ਜਲੂਰ ’ਚ 16.5 ਏਕੜ ਪੰਚਾਇਤੀ ਜ਼ਮੀਨ ਦਲਿਤਾਂ ਲਈ ਰਾਖਵੀ ਹੈ ਅੱਜ ਤਿੰਨ ਟੱਕ ਬਣਾਕੇ ਬੋਲੀ ਕੀਤੀ ਗਈ। ਬੋਲੀ ਸਿਰੇ ਚੜ੍ਹਣ ਮਗਰੋਂ ਦਲਿਤਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਰੂਪ ਸਿੰਘ, ਲੱਖਾ ਸਿੰਘ ਬੀਰ ਸਿੰਘ ,ਬੀਰਬਲ ਸਿੰਘ,ਅਜਾਇਬ ਸਿੰਘ ,ਧਰਮ ਸਿੰਘ ਨਿਰਮਲ ਸਿੰਘ, ਕ੍ਰਿਸ਼ਨ ਸਿੰਘ ਹਾਜ਼ਰ ਸਨ ।