ਬੀਰਬਲ ਰਿਸ਼ੀ
ਸ਼ੇਰਪੁਰ, 10 ਨਵੰਬਰ
ਕੋਆਪਰੇਟਿਵ ਸੁਸਾਇਟੀਆਂ ਨੂੰ ਡੀਏਪੀ ਦੀ ਘਾਟ ਵਿਰੁੱਧ ਮੂਲੋਵਾਲ ਦੀ ਵਾਟਰ ਵਰਕਸ ’ਤੇ ਚੜਿਆ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਸਰਬਜੀਤ ਸਿੰਘ ਅਲਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਗਾਂ ਮੰਨ ਕੇ ਬੀਤੀ ਦੇਰ ਰਾਤ ਸਵਾ 10 ਵਜੇ ਟੈਂਕੀ ਤੋਂ ਉਤਾਰ ਲਿਆ। ਉਧਰ ਬੀਤੀ ਰਾਤ ਸੰਘਰਸ਼ ਖਤਮ ਹੋਣ ਤੋ ਮਗਰੋਂ ਅੱਜ ਪ੍ਰਸ਼ਾਸਨ ਨੇ ਆਪਣੇ ਵਾਅਦੇ ਮੁਤਾਬਕ 700 ਗੱਟਾ ਡੀਏਪੀ ਦਾ ਹੋਰ ਭੇਜ ਦਿੱਤਾ ਹੈ ਜਿਸ ਦੀ ਸੰਘਰਸ਼ੀ ਸਰਬਜੀਤ ਸਿੰਘ ਅਲਾਲ ਨੇ ਸੰਪਰਕ ਕਰਨ ’ਤੇ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਬੀਤੇ ਦਿਨ ਦੁਪਹਿਰ 12 ਵਜੇ ਟੈਂਕੀ ’ਤੇ ਚੜ੍ਹੇ ਸਰਬਜੀਤ ਸਿੰਘ ਅਲਾਲ ਨੂੰ ਉਤਾਰਨ ਲਈ ਖਾਸ ਤੌਰ ’ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਹਰਬੰਸ ਸਿੰਘ ਚਹਿਲ, ਮਾਰਕਫੈੱਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਨੇ ਕੋਸ਼ਿਸ਼ਾਂ ਕੀਤੀਆਂ ਸਨ ਪਰ ਦੇਰ ਸ਼ਾਮ ਤੱਕ ਚੱਲੀਆਂ ਮੀਟਿੰਗਾਂ ਦੌਰਾਨ ਕੋਈ ਹੱਲ ਨਹੀਂ ਨਿਕਲਿਆ ਸੀ। ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਬੰਧਤ ਤਹਿਸੀਲਦਾਰ ਅਤੇ ਐੱਸਐੱਚਓ ਥਾਣਾ ਸਦਰ ਧੂਰੀ ਕਰਮਜੀਤ ਸਿੰਘ ਨੇ ਦੇਰ ਰਾਤ ਤੱਕ ਇਸ ਮਾਮਲੇ ਨੂੰ ਨਜਿੱਠਣ ਲਈ ਜੱਦੋ-ਜਹਿਦ ਕਰਦਿਆਂ ਉਚ ਅਧਿਕਾਰੀਆਂ ਤੋਂ ਸਹਿਮਤੀ ਲੈ ਕੇ ਕਿਸਾਨ ਆਗੂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਮੰਨੀਆਂ ਮੰਗਾਂ ਸਬੰਧੀ ਉਨਾਂ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 10 ਨਵੰਬਰ ਤੱਕ ਕੋਆਪਰੇਟਿਵ ਸੋਸਾਇਟੀ ਮੂਲੋਵਾਲ ਨੂੰ 700 ਗੱਟਾ ਡੀਏਪੀ ਪਹੁੰਚ ਜਾਵੇਗਾ, 500 ਗੱਟਾ ਧੂਰੀ ਲੱਗਣ ਵਾਲੇ ਰੈਕ ਤੋਂ 11 ਨਵੰਬਰ ਤੱਕ ਪਹੁੰਚੇਗਾ ਜਦੋਂ ਕਿ ਬਾਕੀ ਲੋੜੀਂਦਾ ਡੀਏਪੀ 13 ਨਵੰਬਰ ਦਿਨ ਮੰਗਲਵਾਰ ਤੱਕ ਮੂਲੋਵਾਲ ਸੁਸਾਇਟੀ ਕੋਲ ਪੁੱਜ ਜਾਵੇਗਾ। ਟੈਂਕੀ ਤੋਂ ਹੇਠਾਂ ਉਤਾਰੇ ਸਰਬਜੀਤ ਸਿੰਘ ਆਲਾਲ ਨੇ ਕਿਹਾ ਕਿ ਸਮੁੱਚੀ ਸੁਸਾਇਟੀਆਂ ਨੂੰ ਡੀਏਪੀ ਦੀ ਵੰਡ ਕਰਨ ਮੌਕੇ ਕੁਝ ਵਿਭਾਗੀ ਅਧਿਕਾਰੀਆਂ ਨੇ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਕਥਿਤ ਵਿਤਕਰੇਬਾਜ਼ੀ ਕੀਤੀ ਹੈ ਜੋ ਉੱਚ ਪੱਧਰੀ ਤੇ ਨਿਰਪੱਖ ਜਾਂਚ ਦਾ ਵਿਸ਼ਾ ਹੈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਾਬੂ ਸਿੰਘ ਮੂਲੋਵਾਲ ਨੇ ਸ੍ਰੀ ਅਲਾਲ ਦੇ ਤਿੱਖੇ ਸੰਘਰਸ਼ੀ ਕਦਮ ਦੀ ਸਲਾਘਾ ਕਰਦਿਆਂ ਪੂਰੇ ਘਟਨਾਕਰਮ ਨੂੰ ਕਿਸਾਨ ਏਕੇ ਦੀ ਜਿੱਤ ਗਰਦਾਨਿਆ ਅਤੇ ਅਜਿਹੀਆਂ ਕਿਸਾਨਾਂ ਨੂੰ ਅਜਿਹੀਆਂ ਉਤਸ਼ਾਹੀ ਜਿੱਤਾਂ ਤੋਂ ਉਤਸ਼ਾਹ ਲੈਂਦਿਆਂ ਹੋਰ ਮਸਲਿਆਂ ਦੀ ਹੱਲ ਲਈ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮਾਰਕਫੈੱਡ ਦੇ ਇੱਕ ਸਬੰਧਤ ਅਧਿਕਾਰੀ ਨੇ ਫੋਨ ਸੰਦੇਸ਼ ਰਾਹੀਂ ਸਰਬਜੀਤ ਸਿੰਘ ਅਲਾਲ ਦੇ ਉਸ ਬਿਆਨ ਨੂੰ ਝੂਠਾ ਦੱਸਿਆ ਜਿਸ ਵਿੱਚ ਉਨ੍ਹਾਂ ਨਿੱਜੀ ਤੌਰ ’ਤੇ ਡੀਏਪੀ ਲੈਣ ਦੇ ਦੋਸ਼ ਲਗਾਏ ਸਨ। ਉਂਜ ਕਿਸਾਨ ਆਗੂ ਅਲਾਲ ਆਪਣੇ ਬੀਤੀ ਦਿਨ ਦਿੱਤੇ ਬਿਆਨ ’ਤੇ ਅੱਜ ਵੀ ਕਾਇਮ ਰਹੇ।