ਪੱਤਰ ਪ੍ਰੇਰਕ
ਭਵਾਨੀਗੜ੍ਹ, 1 ਨਵੰਬਰ
ਨੇੜਲੇ ਪਿੰਡ ਬਲਿਆਲ ਵਿੱਚ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਇੱਕ ਲੜਕੇ ਵਾਰਸਦੀਪ ਸਿੰਘ (15) ਦੀ ਮੌਤ ਹੋ ਗਈ। ਇਸ ਸਬੰਧੀ ਸਵਰਨ ਸਿੰਘ ਵਾਸੀ ਬਲਿਆਲ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦਾ ਪੁੱਤਰ ਵਾਰਸਦੀਪ ਸਿੰਘ ਆਪਣੇ ਖੇਤ ਵਿੱਚ ਦੀਵੇ ਜਗਾ ਕੇ ਬਲਿਆਲ-ਭੱਟੀਵਾਲ ਕਲਾਂ ਸੜਕ ’ਤੇ ਪੈਦਲ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਕਿਸੇ ਵਾਹਨ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਾਰਸਦੀਪ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਭਵਾਨੀਗੜ੍ਹ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਵੀਂ ਜਮਾਤ ਵਿੱਚ ਪੜ੍ਹਦਾ ਵਾਰਸਦੀਪ ਸਿੰਘ ਦੋ ਭੈਣਾਂ ਦਾ ਛੋਟਾ ਇਕਲੌਤਾ ਭਰਾ ਸੀ।