ਬੀਰਬਲ ਰਿਸ਼ੀ
ਸ਼ੇਰਪੁਰ, 29 ਸਤੰਬਰ
ਆਰਟੀਏ ਦਫ਼ਤਰ ਸੰਗਰੂਰ ਵਿੱਚ ਪਿਛਲੇ ਮਹੀਨੇ ਤੋਂ ਗੱਡੀਆਂ ਦੀ ਪਾਸਿੰਗ, ਪਰਮਿੱਟ ਅਤੇ ਟਰਾਂਸਪੋਟਰਾਂ ਦੇ ਹੋਰ ਠੱਪ ਹੋਏ ਕੰਮਾਂ ਵਿਰੁੱਧ ਭਾਜਪਾ ਕਿਸਾਨ ਮੋਰਚਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 3 ਅਕਤੂਬਰ ਤੱਕ ਮਸਲਾ ਹੱਲ ਕਰਨ ਦਾ ਅਲਟੀਮੇਟਮ ਦਿੰਦਿਆਂ ਨਿਰਧਾਰਤ ਸਮੇਂ ਅੰਦਰ ਮਸਲਾ ਹੱਲ ਨਾ ਹੋਣ ’ਤੇ 4 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਛੰਨਾ ਦੀ ਅਗਵਾਈ ਹੇਠ ਡੀਸੀ ਸੰਗਰੂਰ ਦੇ ਨਾਮ ਟਰਾਂਸਪੋਰਟ ਅਧਿਕਾਰੀਆਂ ਨੂੰ ਟਰਾਂਸਪੋਟਰਾਂ ਦੀਆਂ ਸਮੱਸਿਆਵਾਂ ਸਬੰਧੀ ਦਿੱਤੇ ਮੰਗ ਪੱਤਰ ਮਗਰੋਂ ਦੱਸਿਆ ਕਿ ਪਿਛਲੇ ਮਹੀਨੇ ਤੋਂ ਆਰਟੀਓ ਦਫ਼ਤਰ ਕੋਈ ਕੰਮ ਨਹੀਂ ਹੋ ਰਿਹਾ, ਜਿਸ ਕਰਕੇ ਜਿਹੜੇ ਟਰਾਂਸਪੋਟਰਾਂ ਨੂੰ ਵਹੀਕਲਾਂ ਦੀਆਂ ਮੋਟੀਆਂ ਮਹੀਨਾਵਾਰ ਕਿਸ਼ਤਾਂ ਮੋੜਨੀਆਂ ਔਖੀਆਂ ਹੋ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਾਹਰਲੇ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਨੂੰ ਚਾਰਜ ਦਿੱਤਾ ਗਿਆ ਹੈ ਉਹ ਅਹੁਦਾ ਸੰਭਾਲਨ ਮਗਰੋਂ ਛੁੱਟੀ ਲੈ ਗਿਆ, ਜਿਸ ਕਰਕੇ ਪਰਨਾਲਾ ਉੱਥੇ ਦਾ ਉੱਥੇ ਹੈ।